ਅੱਜ ਹੋਵੇਗਾ ਫੈਸਲਾ: ਪੰਜਾਬ ''ਚ ''ਆਪ'' ਦਾ ਰਹੇਗਾ ਵਜੂਦ ਜਾਂ ਤਾਸ਼ ਦੇ ਪੱਤਿਆਂ ਵਾਂਗ ਜਾਵੇਗਾ ਖਿੱਲਰ

03/19/2018 10:43:04 AM

ਚੰਡੀਗੜ੍ਹ (ਸ਼ਰਮਾ) - ਆਮ ਆਦਮੀ ਪਾਰਟੀ  ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਦੇ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਤੋਂ ਬਾਅਦ ਪਾਰਟੀ ਦੀ ਪੰਜਾਬ ਇਕਾਈ 'ਚ ਉਠੇ ਤੂਫਾਨ ਦੀ ਤਸਵੀਰ ਐਤਵਾਰ ਨੂੰ ਦਿੱਲੀ ਵਿੱਚ ਬੁਲਾਈ ਗਈ ਵਿਧਾਇਕ ਦਲ ਦੀ ਬੈਠਕ 'ਚ ਸਾਹਮਣੇ ਆ ਜਾਵੇਗੀ। ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਇਸ ਬੈਠਕ ਤੋਂ ਇਹ ਸਾਫ਼ ਹੋ ਜਾਵੇਗਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵਜੂਦ ਬਣਿਆ ਰਹੇਗਾ ਜਾਂ ਫਿਰ ਇਹ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿੱਲਰ ਜਾਵੇਗੀ। ਰਾਜ 'ਚ ਪਾਰਟੀ ਵਿਧਾਇਕ ਦਲ ਦੀ ਗਿਣਤੀ 20 ਹੈ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਬਗ਼ਾਵਤ ਦਾ ਝੰਡਾ ਬੁਲੰਦ ਕਰੀ ਬੈਠੇ ਹਨ ਪਰ ਕੀ ਉਨ੍ਹਾਂ ਦਾ ਪਾਰਟੀ ਹਾਈਕਮਾਨ ਅਤੇ ਖਾਸ ਤੌਰ 'ਤੇ ਅਰਵਿੰਦ ਕੇਜਰੀਵਾਲ  ਦੇ ਮੁਆਫੀਨਾਮੇ ਦੇ ਨਾਂ 'ਤੇ ਲਿਆ ਗਿਆ ਸਟੈਂਡ ਰੰਗ ਵਿਖਾ ਸਕੇਗਾ ਜਾਂ ਨਹੀਂ, ਇਹ ਦਿੱਲੀ 'ਚ ਬੁਲਾਈ ਗਈ ਬੈਠਕ 'ਚ ਵਿਧਾਇਕਾਂ ਦੀ ਹਾਜ਼ਰੀ 'ਤੇ ਨਿਰਭਰ ਕਰੇਗਾ। ਬੀਤੇ ਦਿਨ ਸੁਖਪਾਲ ਖਹਿਰਾ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ 13 ਵਿਧਾਇਕ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਸਨ, ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਅਤੇ ਲੋਕ ਇਨਸਾਫ ਪਾਰਟੀ ਨਾਲ ਸੰਯੁਕਤ ਬੈਠਕ 'ਚ ਪਾਰਟੀ  ਦੇ 18 ਵਿਧਾਇਕ ਮੌਜੂਦ ਸਨ।
ਖਹਿਰਾ ਦੀ ਸਾਖ ਵੀ ਦਾਅ 'ਤੇ -ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਨਤਕ ਤੌਰ 'ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਪ੍ਰੈੱਸ ਕਾਨਫਰੰਸ 'ਚ ਮੌਜੂਦ ਪਾਰਟੀ ਦੇ ਸਾਰੇ ਵਿਧਾਇਕ ਅਰਵਿੰਦ ਕੇਜਰੀਵਾਲ ਦੇ ਸਟੈਂਡ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਹੁਣ ਪੰਜਾਬ 'ਚ ਤੀਜੇ ਬਦਲ ਲਈ ਇਕੋ ਜਿਹੀ ਸੋਚ ਵਾਲੇ ਲੋਕਾਂ ਲਈ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਹੁਣ ਕੇਜਰੀਵਾਲ ਵੱਲੋਂ ਦਿੱਲੀ 'ਚ ਬੁਲਾਈ ਗਈ ਵਿਧਾਇਕ ਦਲ ਦੀ ਬੈਠਕ ਦੀ ਹਾਜ਼ਰੀ ਨਾਲ ਖਹਿਰਾ ਦੀ ਸਾਖ ਵੀ ਦਾਅ 'ਤੇ ਲੱਗ ਗਈ ਹੈ, ਕਿਉਂਕਿ ਜੇਕਰ ਪਾਰਟੀ ਵਿਧਾਇਕਾਂ 'ਚੋਂ ਅੱਧੇ ਵੀ ਉਕਤ ਬੈਠਕ 'ਚ ਹਿੱਸਾ ਲੈਂਦੇ ਹਨ ਤਾਂ ਖਹਿਰਾ ਦੇ ਪਾਰਟੀ ਤੋਂ ਵੱਖ ਹੋਣ ਦੇ ਮਨਸੂਬਿਆਂ 'ਤੇ ਪਾਣੀ ਫਿਰ ਸਕਦਾ ਹੈ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਪਾਰਟੀ ਦੇ ਤਿੰਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਹਾ ਅਤੇ ਪ੍ਰੋ. ਬਲਜਿੰਦਰ ਕੌਰ ਪਹਿਲਾਂ ਤੋਂ ਹੀ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰ ਚੁੱਕੇ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਦੇ 20 'ਚੋਂ 13 ਵਿਧਾਇਕਾਂ ਨੇ ਹਾਈਕਮਾਨ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਕੱਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ। ਜੇਕਰ ਇਹ ਸੱਚ ਹੁੰਦਾ ਹੈ ਤਾਂ ਖਹਿਰਾ ਦੇ ਮਨਸੂਬਿਆਂ 'ਤੇ ਪਾਣੀ ਫਿਰਨਾ ਤੈਅ ਹੈ।
ਖਹਿਰਾ ਲਈ ਕੀ ਹੈ ਸਮੱਸਿਆ -ਸਦਨ 'ਚ ਪਾਰਟੀ ਟੁੱਟਣ ਅਤੇ ਆਪਣੀ ਮੈਂਬਰੀ ਬਣਾਈ ਰੱਖਣ ਲਈ ਘੱਟ ਤੋਂ ਘੱਟ 14 ਪਾਰਟੀ ਵਿਧਾਇਕਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਖਹਿਰਾ ਨੂੰ ਹਾਲਾਂਕਿ ਪਾਰਟੀ ਦੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਰਹੇ ਵਿਧਾਇਕ ਕੰਵਰ ਸੰਧੂ ਦਾ ਵੀ ਵਿਸ਼ਵਾਸ ਹਾਸਲ ਹੈ ਪਰ ਸਭ ਤੋਂ ਵੱਡੀ ਚੁਣੌਤੀ 14 ਵਿਧਾਇਕਾਂ ਨੂੰ ਨਾਲ ਲੈ ਕੇ ਚੱਲਣ ਦੀ ਹੈ।  


Related News