ਆਪਣੇ ਹੀ ਸੰਸਦ ਮੈਂਬਰਾਂ ਤੋਂ ''ਆਪ'' ਨੇ ''ਕੱਟੀ ਕੰਨੀ''

Friday, Jul 01, 2016 - 11:40 AM (IST)

ਚੰਡੀਗੜ੍ਹ (ਰਮਨਜੀਤ)— ਚੋਣ ਜੰਗ ਦੀ ਤਿਆਰੀ ਤਹਿਤ ਰੱਖੇ ਗਏ 3 ਜੁਲਾਈ ਨੂੰ ''ਯੂਥ ਮੈਨੀਫੈਸਟੋ'' ਜਾਰੀ ਕਰਨ ਦੇ ਪ੍ਰੋਗਰਾਮ ''ਚ ਆਮ ਆਦਮੀ ਪਾਰਟੀ ਨੇ ਆਪਣੇ ਹੀ ਦੋ ਸੰਸਦ ਮੈਂਬਰਾਂ ਨੂੰ ਸੱਦਣਾ ਸਹੀ ਨਹੀਂ ਸਮਝਿਆ। ਪਾਰਟੀ, ਖਾਸ ਕਰ ਕੇ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਆਲੋਚਨਾ ਕਰਨ ਵਾਲੇ ਇਹ ਸੰਸਦ ਮੈਂਬਰ ਬੀਤੇ ਕਾਫੀ ਸਮੇਂ ਤੋਂ ''ਸਸਪੈਂਡ'' ਚੱਲ ਰਹੇ ਹਨ। ''ਆਪ'' ਦੀ ਟਿਕਟ ''ਤੇ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਡਾ. ਧਰਮਵੀਰ ਗਾਂਧੀ ਅਤੇ ਸੰਸਦ ਮੈਂਬਰ ਐੱਚ. ਐੱਸ. ਖਾਲਸਾ ਪ੍ਰੋਗਰਾਮ ''ਚ ਸ਼ਾਮਲ ਨਹੀਂ ਹੋਣਗੇ, ਜਦਕਿ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਭਗਵੰਤ ਮਾਨ ਉਥੇ ਮੌਜੂਦ ਰਹਿਣਗੇ।
ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ ਇਕ ਪਾਸੇ ਜਿਥੇ ਤਿੰਨ ਤੇ ਚਾਰ ਜੁਲਾਈ ਨੂੰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਲਈ ਜ਼ੋਰਦਾਰ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਦੇ ਵੱਧ ਤੋਂ ਵੱਧ ਵਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਪ੍ਰੋਗਰਾਮ ''ਚ ਮੌਜੂਦ ਰਹਿਣ ਲਈ ਕਿਹਾ ਜਾ ਰਿਹਾ ਹੈ। ਉਥੇ ਹੀ ਬੀਤੀਆਂ ਲੋਕ ਸਭਾ ਚੋਣਾਂ ''ਚ ਪਾਰਟੀ ਨੂੰ ਮਿਲੇ ਕੁਲ ਚਾਰ ਸਾਂਸਦਾਂ ਚੋਂ ਦੋ ਸਾਂਸਦ ਇਸ ਪ੍ਰੋਗਰਾਮ ਤੋਂ ਦੂਰ ਹੀ ਰਹਿਣਗੇ।
''ਪਾਰਟੀ ਵਿਰੋਧੀ ਗਤੀਵਿਧੀਆਂ'' ਕਾਰਨ ਸਸਪੈਂਡ ਕੀਤੇ ਗਏ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਅਤੇ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਹਰਿੰਦਰ ਸਿੰਘ ਖਾਲਸਾ ਵੀ ਆਪਣੇ ਸਟੈਂਡ ''ਤੇ ਅੜੇ ਹੋਏ ਹਨ। ਦੋਵਾਂ ਹੀ ਸਾਂਸਦਾਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ''ਡਿਕਟੇਟਰ'' ਤੱਕ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਦੋਵੇਂ ਹੀ ਸਾਂਸਦਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ''ਸਹੀ'' ਉਮੀਦਵਾਰਾਂ ਦੀ ਚੋਣ ਨਾ ਹੋਣ ''ਤੇ ਸਹਿਯੋਗ ਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਆਮ ਆਦਮੀ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਯੂਥ ਵਿਜ਼ਨ ਜ਼ਰੀਏ ਵੱਧ ਤੋਂ ਵੱਧ ਲੋਕਾਂ ਦੀ ਸਪੋਰਟ ਹਾਸਲ ਕਰਨ ਦਾ ਯਤਨ ਕਰੇਗੀ, ਉਥੇ ਹੀ ਚਾਰ ਵਿਚੋਂ ਦੋ ਸਾਂਸਦਾਂ ਦੀ ਗੈਰ ਮੌਜੂਦਗੀ ਪਾਰਟੀ ਦੀ ਫੁਟ ਨੂੰ ਉਜਾਗਰ ਕਰੇਗੀ।


Gurminder Singh

Content Editor

Related News