ਮੱਝਾਂ ਵੇਚ ਮਲੇਸ਼ੀਆ ਪਹੁੰਚਿਆ ਸੀ ਨੌਜਵਾਨ, ਵਾਪਸ ਅੰਮ੍ਰਿਤਸਰ ਪਹੁੰਚਦਿਆਂ ਚੁੱਕ ਲਿਆ ਖ਼ੌਫ਼ਨਾਕ ਕਦਮ
Monday, Sep 11, 2023 - 06:19 PM (IST)
ਲਹਿਰਾਗਾਗਾ (ਗਰਗ) : ਸੂਬੇ ਅੰਦਰ ਟਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਅਤੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਖੋਖਰ ਕਲਾਂ (ਸੰਗਰੂਰ) ਦੇ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ। ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਲਖਵਿੰਦਰ ਸਿੰਘ (21) ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਇੱਕ ਗੈਸਟ ਹਾਊਸ ’ਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਅੰਮ੍ਰਿਤਸਰ ਪੁਲਸ ਕੋਲ ਲਿਖ਼ਤੀ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਬਿੱਟੂ ਸਿੰਘ ਪਿੰਡ ਖੰਡੇਬਾਦ ਅਤੇ ਦੀਪ ਕੌਰ ਪਿੰਡ ਗਾਗਾ (ਦੋਵੇਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ) ਨੇ ਮੇਰੇ ਮੁੰਡੇ ਲਖਵਿੰਦਰ ਸਿੰਘ ਨੂੰ ਝਾਂਸੇ ’ਚ ਲੈ ਕੇ ਕਿਹਾ ਕਿ ਅਸੀਂ ਤੈਨੂੰ ਮਲੇਸ਼ੀਆ ਲਈ ਤਿੰਨ ਸਾਲ ਦਾ ਵਰਕ ਪਰਮਿਟ ਲੈ ਕੇ ਦੇ ਰਹੇ ਹਾਂ ਅਤੇ ਮਲੇਸ਼ੀਆ ’ਚ ਤੈਨੂੰ ਕੰਮ ਦਵਾ ਦੇਵਾਂਗੇ, ਜਿਸਦੇ ਚਲਦੇ ਦੋ-ਤਿੰਨ ਮਹੀਨਆਂ ’ਚ ਸਾਰਾ ਕਰਜ਼ਾ ਉਤਰ ਜਾਵੇਗਾ। ਜਿਸਦੇ ਚਲਦੇ ਮੈਂ ਆਪਣੇ ਮੁੰਡੇ ਨੂੰ ਮਲੇਸ਼ੀਆ ਭੇਜਣ ਲਈ ਆਪਣੀਆਂ ਮੱਝਾਂ ਵੇਚ ਕੇ ਅਤੇ ਸਕੇ ਸਬੰਧੀਆਂ ਤੋਂ 9 ਲੱਖ ਰੁਪਏ ਇਕੱਠੇ ਕਰਕੇ ਬਿੱਟੂ ਸਿੰਘ ਨੂੰ ਦੇ ਦਿੱਤੇ ਅਤੇ 16 ਅਗਸਤ ਨੂੰ ਬਿੱਟੂ ਸਿੰਘ ਮੇਰੇ ਬੇਟੇ ਲਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ ਅਤੇ 20 ਅਗਸਤ ਨੂੰ ਮੇਰਾ ਬੇਟਾ ਮਲੇਸ਼ੀਆ ਪਹੁੰਚ ਗਿਆ, ਮਲੇਸ਼ੀਆ ਪਹੁੰਚ ਕੇ ਮੇਰੇ ਬੇਟੇ ਨੂੰ ਪਤਾ ਲੱਗਿਆ ਕਿ ਉਸਨੂੰ ਵਰਕ ਪਰਮਿਟ ਨਹੀਂ ਸਗੋਂ ਟੂਰਿਸਟ ਵੀਜ਼ਾ ਦਿੱਤਾ ਗਿਆ ਹੈ। ਕੁਝ ਦਿਨਾਂ ਬਾਅਦ ਮੇਰੇ ਮੁੰਡੇ ਨੇ ਫੋਨ ਕਰਕੇ ਦੱਸਿਆ ਕਿ ਸਾਡੇ ਨਾਲ ਠੱਗੀ ਹੋ ਗਈ ਹੈ। ਬਿੱਟੂ ਸਿੰਘ ਅਤੇ ਦੀਪ ਕੌਰ ਨੇ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੇਰੇ ਬੇਟੇ ਨੇ ਬਿੱਟੂ ਸਿੰਘ ਨੂੰ ਵੀ ਫੋਨ ਕਰਕੇ ਕਿਹਾ ਕਿ ਤੁਸੀਂ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ, ਮੈਨੂੰ ਤਿੰਨ ਸਾਲ ਦੇ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਦੇ ਦਿੱਤਾ।
ਇਹ ਵੀ ਪੜ੍ਹੋ : ਚਿੱਤਰਕਾਰੀ ਦੇ ਖ਼ੇਤਰ ’ਚ ਰਾਜਨ ਮਲੂਜਾ ਨਹੀਂ ਕਿਸੇ ਪਛਾਣ ਦੇ ਮੋਹਤਾਜ
ਅੱਗੋਂ ਬਿੱਟੂ ਸਿੰਘ ਨੇ ਕਿਹਾ ਕਿ ਜੋ ਕਰਨਾ ਕਰ ਲੈ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਅਤੇ ਮੇਰੇ ਬੇਟੇ ਦਾ ਫੋਨ ਕੱਟ ਦਿੱਤਾ। ਉਕਤ ਸਾਰੀ ਗੱਲਬਾਤ ਮੇਰੇ ਬੇਟੇ ਨੇ ਸਾਨੂੰ ਫੋਨ ’ਤੇ ਦੱਸੀ, ਜਿਸ ਨੂੰ ਅਸੀਂ ਕਿਹਾ ਕਿ ਕੋਈ ਗੱਲ ਨਹੀਂ, ਤੂੰ ਘਰ ਆਜਾ, ਅਸੀਂ ਬੈਠ ਕੇ ਗੱਲਬਾਤ ਕਰ ਲਵਾਂਗੇ। ਫਿਰ ਅਸੀਂ ਬਿੱਟੂ ਸਿੰਘ ਨੂੰ ਫੋਨ ਕੀਤਾ ਤਾਂ ਉਹ ਅੱਗੋਂ ਔਖਾ ਬੋਲਿਆ ਅਤੇ ਕਿਹਾ ਕਿ ਜੋ ਕਰਨਾ ਕਰ ਲਵੋ। ਬਿੱਟੂ ਸਿੰਘ ਅਤੇ ਦੀਪ ਕੌਰ ਨੇ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਕੇ ਸਾਡੇ ਮੁੰਡੇ ਨੂੰ ਮਰਨ ਲਈ ਮਜਬੂਰ ਕੀਤਾ ਹੈ। ਆਖ਼ਰ ਮੇਰੇ ਮੁੰਡੇ ਨੇ ਬਿੱਟੂ ਸਿੰਘ ਅਤੇ ਦੀਪ ਕੌਰ ਤੋਂ ਦੁਖੀ ਹੋ ਕੇ ਅੰਮ੍ਰਿਤਸਰ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ’ਚ ਕਿਸੇ ਨਾਲ ਅਜਿਹਾ ਨਾ ਹੋਵੇ। ਪੁਲਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜ਼ੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8