ਸੁਖਨਾ ਝੀਲ ’ਤੇ ਵਿਅਕਤੀ ਨੇ ਦੌੜਾਈ ਗੱਡੀ, ਪੁਲਸ ਨੇ ਕੱਟਿਆ ਚਲਾਨ
Saturday, Nov 08, 2025 - 11:03 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸੁਖਨਾ ਝੀਲ ’ਤੇ ਕਾਰ ਦੌੜਦੀ ਦੇਖ ਹੜਕੰਪ ਮਚ ਗਿਆ। ਕਾਰ ’ਚ ਨੌਜਵਾਨ ਦੇ ਨਾਲ ਉਸ ਦੀ ਪਤਨੀ ਤੇ ਬੱਚੇ ਵੀ ਸਨ। ਟਰੈਕ ’ਤੇ ਕਾਰ ਦੇਖ ਕੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਚਾਲਕ ਦਾ ਚਲਾਨ ਕੱਟ ਦਿੱਤਾ। ਪੁਲਸ ਮੁਤਾਬਕ ਚਾਲਕ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਮਾਮਲਾ ਦਰਜ ਕੀਤਾ ਜਾਵੇਗਾ। ਹਾਲਾਂਕਿ ਪੁਲਸ ਨੇ ਮੁਲਜ਼ਮ ਚਾਲਕ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਸੁਖਨਾ ਝੀਲ ’ਤੇ ਕਾਰ ਦੌੜਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਿਆ। ਇੱਥੇ ਵਾਹਨਾਂ ਦਾ ਦਾਖ਼ਲਾ ਪੂਰੀ ਤਰ੍ਹਾਂ ਬੰਦ ਹੈ। ਇੱਥੇ ਬਣਾਏ ਗਏ ਟਰੈਕ ’ਤੇ ਹੀ ਸਾਈਕਲ ਚਲਾਉਣ ਦੀ ਇਜਾਜ਼ਤ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਨਾ ਹੋਣ।
ਪੁਲਸ ਮੁਤਾਬਕ ਵੀਡੀਓ 6 ਨਵੰਬਰ ਨੂੰ ਸ਼ਾਮ 7 ਵਜੇ ਦੀ ਹੈ। ਉਸ ਸਮੇਂ ਵੱਡੀ ਗਿਣਤੀ ’ਚ ਲੋਕ ਸੁਖਨਾ ਝੀਲ ’ਤੇ ਸੈਰ ਕਰ ਰਹੇ ਸਨ। ਇਸ ਦੌਰਾਨ ਇਕ ਚਿੱਟੇ ਰੰਗ ਦੀ ਸਵਿੱਫਟ ਕਾਰ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿੱਤੀ। ਇਹ ਦੇਖ ਕੇ ਲੋਕਾਂ ’ਚ ਦਹਿਸ਼ਤ ਫੈਲ ਗਈ। ਉਹ ਹਾਦਸੇ ਤੋਂ ਬਚਣ ਲਈ ਦੌੜ ਕੇ ਕਿਨਾਰੇ ’ਤੇ ਹੋ ਗਏ ਤੇ ਰੌਲਾ ਪਾਇਆ। ਲੋਕਾਂ ਦਾ ਰੌਲਾ ਸੁਣ ਕੇ ਪੁਲਸ ਚੌਂਕੀ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਟਰੈਕ ’ਤੇ ਖੜ੍ਹੇ ਹੋ ਗਏ। ਉਨ੍ਹਾਂ ਨੇ ਕਾਰ ਰੁਕਵਾਈ ਤੇ ਚਾਲਕ ਦਾ ਚਲਾਨ ਕਟੱਣ ਤੋਂ ਬਾਅਦ ਪੁੱਛਗਿੱਛ ਕੀਤੀ। ਕਾਰ ਚਾਲਕ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉੱਥੇ ਗੱਡੀ ਚਲਾਉਣ ਦੀ ਇਜਾਜ਼ਤ ਨਹੀਂ ਹੈ। ਝੀਲ ਦੀ ਬੈਕ ਸਾਈਡ ਟਰੱਕਾਂ ਲਈ ਜਗ੍ਹਾ ਖੋਲ੍ਹੀ ਗਈ ਸੀ, ਉੱਥੋ ਹੀ ਕਾਰ ਵਾਲਾ ਅੰਦਰ ਦਾਖ਼ਲ ਹੋਇਆ ਸੀ।
