9 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ''ਚ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ ''ਤੇ ਕੇਸ ਦਰਜ
Sunday, Jun 11, 2017 - 10:47 AM (IST)
ਹੁਸ਼ਿਆਰਪੁਰ/ਟਾਂਡਾ(ਅਸ਼ਵਨੀ, ਸ਼ਰਮਾ, ਕੁਲਦੀਸ਼, ਮੋਮੀ)-ਥਾਣਾ ਟਾਂਡਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਚਿੱਟਾ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 9 ਹਜ਼ਾਰ ਰੁਪਏ ਦੀ ਰਾਸ਼ੀ ਰਿਸ਼ਵਤ ਦੇ ਤੌਰ 'ਤੇ ਲੈਣ ਦੇ ਦੋਸ਼ 'ਚ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 7.13 (2) ਤਹਿਤ ਇਕ ਏ. ਐੱਸ. ਆਈ, 2 ਹੈੱਡਕਾਂਸਟੇਬਲਾਂ ਤੇ 2 ਮਹਿਲਾ ਪੁਲਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਪਿੰਡ ਧੂਤ ਖੁਰਦ ਦੇ ਸਰਪੰਚ ਸਤਨਾਮ ਸਿੰਘ ਪੁੱਤਰ ਭਜਨ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਅੱਡਾ ਨੈਣੋਵਾਲ ਵੈਦ 'ਚ ਇੰਦਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਚਾਹ ਦੀ ਦੁਕਾਨ ਕਰਦਾ ਹੈ। ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਰੇਤ-ਬੱਜਰੀ ਵੀ ਵੇਚਦਾ ਹੈ। ਬੀਤੀ 7 ਜੂਨ ਨੂੰ ਇੰਦਰਜੀਤ ਸਿੰਘ ਦੀ ਦੁਕਾਨ 'ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਕੁਲਦੀਪ ਸਿੰਘ, ਹੈੱਡਕਾਂਸਟੇਬਲ ਪਰਮਜੀਤ ਸਿੰਘ ਤੇ 2 ਮਹਿਲਾ ਪੁਲਸ ਕਰਮਚਾਰੀ ਸਿਵਲ ਵਰਦੀ 'ਚ ਦੁਕਾਨ 'ਤੇ ਆਏ ਤੇ ਦੁਕਾਨ ਦੀ ਤਲਾਸ਼ੀ ਲੈਣ ਲੱਗ ਪਏ। ਪੁਲਸ ਮੁਲਾਜ਼ਮਾਂ ਨੇ ਇੰਦਰਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਚਿੱਟਾ ਵੇਚਣ ਦਾ ਧੰਦਾ ਕਰਦੇ ਹੋ, ਇਸ ਲਈ ਤੁਹਾਡੇ ਖਿਲਾਫ਼ ਕੇਸ ਦਰਜ ਕਰਨਾ ਹੈ। ਜਦਕਿ ਤਲਾਸ਼ੀ ਦੌਰਾਨ ਪੁਲਸ ਨੂੰ ਕੋਈ ਨਸ਼ੀਲਾ ਪਾਊਡਰ ਨਹੀਂ ਮਿਲਿਆ। ਇਸ ਦੇ ਬਾਵਜੂਦ ਪੁਲਸ ਵਾਲੇ ਉਸਨੂੰ ਆਪਣੇ ਵਾਹਨ 'ਚ ਬੈਠਣ ਲਈ ਕਹਿਣ ਲੱਗੇ। ਇੰਦਰਜੀਤ ਸਿੰਘ ਨੇ ਉਨ੍ਹਾਂ ਦੀਆਂ ਮਿੰਨਤਾਂ ਕੀਤੀਆਂ ਤਾਂ ਉਨ੍ਹਾਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਸਰਪੰਚ ਸਤਨਾਮ ਸਿੰਘ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਨਾਲ 9 ਹਜ਼ਾਰ ਰੁਪਏ ਦੀ ਰਾਸ਼ੀ ਦਾ ਇੰਤਜ਼ਾਮ ਕਰਕੇ ਪੁਲਸ ਮੁਲਾਜ਼ਮਾਂ ਨੂੰ ਦੇ ਦਿੱਤੇ।
ਜਾਂਚ ਲਈ ਡੀ. ਐੱਸ. ਪੀ. ਤਾਇਨਾਤ : ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਸ਼ਿਕਾਇਤ ਦੀ ਜਾਂਚ ਲਈ ਦਸੂਹਾ ਉਪ ਮੰਡਲ ਦੇ ਡੀ. ਐੱਸ. ਪੀ. ਰਜਿੰਦਰ ਕੁਮਾਰ ਨੂੰ ਤਾਇਨਾਤ ਕੀਤਾ। ਸੰਪਰਕ ਕਰਨ 'ਤੇ ਡੀ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਪੁਲਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।
