ਸਿਵਲ ਹਸਪਤਾਲ ''ਚ ਦਵਾਈ ਲੈਣ ਲਈ ਖੜ੍ਹੇ ਮਰੀਜ਼ ਉੱਪਰ ਜਾਨਲੇਵਾ ਹਮਲਾ

Friday, Aug 11, 2017 - 01:34 AM (IST)

ਸਿਵਲ ਹਸਪਤਾਲ ''ਚ ਦਵਾਈ ਲੈਣ ਲਈ ਖੜ੍ਹੇ ਮਰੀਜ਼ ਉੱਪਰ ਜਾਨਲੇਵਾ ਹਮਲਾ

ਮਮਦੋਟ,   (ਸੰਜੀਵ, ਧਵਨ)-  ਅੱਜ ਸਥਾਨਕ ਸਿਵਲ ਹਸਪਤਾਲ ਮਮਦੋਟ ਵਿਖੇ ਦਵਾਈ ਲੈਣ ਲਈ ਬੱਚਿਆਂ ਤੇ ਪਤਨੀ ਸਮੇਤ ਕਤਾਰ 'ਚ ਖੜ੍ਹੇ ਮਰੀਜ਼ ਉੱਪਰ ਅਣਪਛਾਤੇ ਹਮਲਾਵਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਦੌਰਾਨ ਜ਼ਖਮੀ ਹੋਏ ਵਿਅਕਤੀ ਦੇ ਸਿਰ ਉੱਪਰ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਅੰਦਰ ਖੜ੍ਹੇ ਬਾਕੀ ਮਰੀਜ਼ਾਂ ਅੰਦਰ ਹਫੜਾ-ਦਫੜੀ ਮੱਚ ਗਈ। ਜਾਨਲੇਵਾ ਹਮਲੇ ਦੀ ਸਾਰੀ ਘਟਨਾ ਹਸਪਤਾਲ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਤੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ।
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਰਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਸਵਾ ਇਕ ਵਜੇ ਸਥਾਨਕ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਲਈ ਆਪਣੀ ਪਤਨੀ ਤੇ ਬੱਚਿਆਂ ਸਮੇਤ ਕਤਾਰ 'ਚ ਖੜ੍ਹਾ ਸੀ ਕਿ ਅਚਾਨਕ ਉਸ ਦੇ ਪਿੱਛੋਂ ਸਿਰ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਹੋ ਗਿਆ, ਜਿਸ 'ਚ ਅਣਪਛਾਤੇ ਹਮਲਾਵਰ ਵੱਲੋਂ ਕਈ ਵਾਰ ਕੀਤੇ ਗਏ। ਉਸਨੂੰ ਲਹੂ-ਲੁਹਾਣ ਹਸਪਤਾਲ ਦੇ ਮੁਲਾਜ਼ਮਾਂ ਤੇ ਲੋਕਾਂ ਦੀ ਸਹਾਇਤਾ ਨਾਲ ਸੰਭਾਲਿਆ ਗਿਆ ਤੇ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਉਸਨੇ ਦੱਸਿਆ ਕਿ ਹਮਲਾਵਰ ਅਣਪਛਾਤਾ ਹੈ ਤੇ ਉਸਦੀ ਨਾ ਹੀ ਕਿਸੇ ਨਾਲ ਕੋਈ ਰੰਜ਼ਿਸ਼ ਹੈ।
ਹਸਪਤਾਲ 'ਚ ਤਾਇਨਾਤ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਚੁੱਕੀ ਹੈ ਜੋ ਕਾਰਵਾਈ ਲਈ ਪੁਲਸ ਨੂੰ ਸੌਂਪ ਦਿੱਤੀ ਜਾਵੇਗੀ। ਅਜਿਹੇ ਦੋਸ਼ੀਆਂ ਖਿਲਾਫ ਕਨੂੰਨੀ ਸ਼ਿਕੰਜਾ ਕੱਸਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਹਸਪਤਾਲ ਅੰਦਰ ਸਖਤ ਚੌਕਸੀ ਰੱਖਣੀ ਚਾਹੀਦੀ ਹੈ ਤਾਂ ਜੋ ਹਸਪਤਾਲ ਅੰਦਰ ਆਏ ਮਰੀਜ਼ਾਂ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣੀ ਰਹੇ। 
 ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਣਪਛਾਤੇ ਹਮਲਾਵਰ ਦੀ ਪਛਾਣ ਬਾਰੇ ਜਾਂਚ-ਪੜਤਾਲ ਆਰੰਭ ਕੀਤੀ ਜਾ ਰਹੀ ਹੈ  ।


Related News