ਵ੍ਹਿਜ਼ ਪਾਵਰ ਕੰਪਨੀ ਦੇ ਫਰਾਰ ਹੋਣ ਤੋਂ ਇਕ ਦਿਨ ਪਹਿਲਾਂ ਨਿਵੇਸ਼ਕਾਂ ਨੇ ਕੀਤਾ ਸੀ ਦਫਤਰ ’ਚ ਹੰਗਾਮਾ

Tuesday, Jul 21, 2020 - 12:48 PM (IST)

ਵ੍ਹਿਜ਼ ਪਾਵਰ ਕੰਪਨੀ ਦੇ ਫਰਾਰ ਹੋਣ ਤੋਂ ਇਕ ਦਿਨ ਪਹਿਲਾਂ ਨਿਵੇਸ਼ਕਾਂ ਨੇ ਕੀਤਾ ਸੀ ਦਫਤਰ ’ਚ ਹੰਗਾਮਾ

ਜਲੰਧਰ(ਵਰੁਣ) - ਲੋਕਾਂ ਨਾਲ ਕਰੋੜਾਂ ਰੁਪੲੇ ਦੀ ਠੱਗੀ ਮਾਰ ਕੇ ਫਰਾਰ ਹੋਈ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਕੰਪਨੀ ਦੇ ਫਰਾਰ ਹੋਣ ਤੋਂ ਿੲਕ ਿਦਨ ਪਹਿਲਾਂ ਪੀ. ਪੀ. ਆਰ. ਮਾਲ ਵਿਚ ਸਥਿਤ ਕੰਪਨੀ ਦੇ ਦਫਤਰ ਵਿਚ ਿਨਵੇਸ਼ਕਾਂ ਨੇ ਅਾਪਣੇ ਪੈਸੇ ਵਾਪਸ ਲੈਣ ਲਈ ਕਾਫੀ ਹੰਗਾਮਾ ਕੀਤਾ ਸੀ। ਹੰਗਾਮੇ ਦੀ ਸੂਚਨਾ ਪਾ ਕੇ ਪੁਲਸ ਮੌਕੇ ’ਤੇ ਪਹੁੰਚੀ ਤਾਂ ਥਾਣਾ 7 ਦੇ ਇੰਚਾਰਜ ਵੀ ਮੌਕੇ ’ਤੇ ਪਹੁੰਚ ਗਏ ਸਨ ਪਰ ਪੁਲਸ ਨੇ ਫਰਾਡ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਠੱਗੀ ਦਾ ਸ਼ਿਕਾਰ ਡਿਸਟ੍ਰੀਬਿਊਟਰਸ ਦਾ ਕਹਿਣਾ ਹੈ ਕਿ ਕੁਝ ਨਿਵੇਸ਼ਕ ਅਾਪਣੇ ਪੈਸੇ ਵਾਪਸ ਲੈਣ ਲਈ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਦਫਤਰ ਵਿਚ ਪਹੁੰਚੇ ਤਾਂ ਪੈਸੇ ਦੇਣ ਤੋਂ ਕੰਪਨੀ ਮਾਲਕ ਰਣਜੀਤ ਸਿੰਘ ਟਾਲ-ਮਟੋਲ ਕਰਨ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹੰਗਾਮਾ ਹੋਣ ’ਤੇ ਖੁਦ ਠੱਗ ਮਾਲਕ ਰਣਜੀਤ ਸਿੰਘ ਨੇ ਕਿਸੇ ਨੂੰ ਮੈਸੇਜ ਕੀਤਾ ਤਾਂ ਉਸ ਤੋਂ ਬਾਅਦ ਥਾਣਾ 7 ਦੀ ਪੁਲਸ ਮੌਕੇ ’ਤੇ ਪੁੱਜੀ। ਦੋਸ਼ ਹੈ ਕਿ ਪੁਲਸ ਰਣਜੀਤ ਸਿੰਘ ਨੂੰ ਆਪਣੇ ਨਾਲ ਲੈ ਗਈ ਪਰ ਕੁਝ ਸਮੇਂ ਬਾਅਦ ਛੱਡ ਦਿੱਤਾ। ਨਿਵੇਸ਼ਕਾਂ ਨੇ ਪੁਲਸ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਕੰਪਨੀ ਕੋਲੋਂ ਪੈਸੇ ਲੈਣੇ ਹਨ ਪਰ ਉਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਜਿਉਂ ਹੀ ਰਣਜੀਤ ਸਿੰਘ ਵਾਪਸ ਦਫਤਰ ਆਇਆ ਤਾਂ ਨਿਵੇਸ਼ਕਾਂ ਨੇ ਦੁਬਾਰਾ ਹੰਗਾਮਾ ਕੀਤਾ। ਇਸ ਤੋਂ ਬਾਅਦ ਰਣਜੀਤ ਸਿੰਘ ਦੀ ਪਤਨੀ ਨੇ ਪੁਲਸ ਨੂੰ ਫੋਨ ਕਰ ਕੇ ਅਗਵਾ ਕਰਨ ਦਾ ਦੋਸ਼ ਲਾਉਂਦਿਆਂ ਥਾਣਾ ਇੰਚਾਰਜ ਨੂੰ ਬੁਲਾ ਲਿਆ। ਦੋਸ਼ ਹੈ ਕਿ ਦੁਬਾਰਾ ਪੁਲਸ ਆਈ ਅਤੇ ਨਿਵੇਸ਼ਕਾਂ ਨੂੰ ਧਾਰਾ 144 ਦੀ ਉਲੰਘਣਾ ਕਰਨ ’ਤੇ 188 ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹ ਲੋਕ ਡਰ ਗਏ ਅਤੇ ਰਣਜੀਤ ਸਿੰਘ ਨੂੰ ਦੁਬਾਰਾ ਪੁਲਸ ਲੈ ਗਈ। ਡਿਸਟ੍ਰੀਬਿਊਟਰਸ ਨੇ ਕਿਹਾ ਕਿ ਉਹ ਅਗਲੇ ਿਦਨ ਦੁਬਾਰਾ ਪੀ. ਪੀ. ਅਾਰ. ਮਾਲ ਸਥਿਤ ਦਫਤਰ ਆਏ ਪਰ ਉਦੋਂ ਤੱਕ ਦਫਤਰ ਨੂੰ ਤਾਲੇ ਲੱਗ ਚੁੱਕੇ ਸਨ ਅਤੇ ਕੰਪਨੀ ਮਾਲਕ ਰਣਜੀਤ ਸਿੰਘ ਸਮੇਤ ਉਨ੍ਹਾਂ ਦਾ ਸਾਲਾ ਗਗਨਦੀਪ ਸਿੰਘ, ਸਾਂਢੂ ਗੁਰਮਿੰਦਰ ਸਿੰਘ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਸਨ।

ਇਸ ਬਾਰੇ ਥਾਣਾ 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀ. ਪੀ. ਆਰ. ਮਾਲ ਸਥਿਤ ਇਕ ਦਫਤਰ ਵਿਚ ਹੰਗਾਮਾ ਹੋ ਰਿਹਾ ਹੈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਫਰਾਡ ਬਾਰੇ ਕੁਝ ਨਹੀਂ ਦੱਿਸਆ ਸੀ, ਜਦੋਂ ਕਿ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਆਈ ਸੀ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਇਹੀ ਜਾਣਕਾਰੀ ਹੈ। ਬਿਨਾਂ ਕਿਸੇ ਸ਼ਿਕਾਇਤ ਦੇ ਉਹ ਕਿਸੇ ਨੂੰ ਹਿਰਾਸਤ ਵਿਚ ਨਹੀਂ ਰੱਖ ਸਕਦੇ, ਜਦੋਂ ਕਿ ਫਰਾਡ ਬਾਰੇ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੱਸਿਆ ਸੀ। ਜ਼ਿਕਰਯੋਗ ਹੈ ਕਿ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਨਿਵੇਸ਼ਕਾਂ ਨਾਲ ਕਰੀਬ 300 ਕਰੋੜ ਤੋਂ ਵੀ ਜ਼ਿਆਦਾ ਦਾ ਫਰਾਡ ਕਰ ਕੇ ਫਰਾਰ ਹੋ ਗਏ ਹਨ। ਇਸ ਕੰਪਨੀ ਵਿਚ ਕਰੀਬ ਇਕ ਲੱਖ ਲੋਕਾਂ ਨੇ ਨਿਵੇਸ਼ ਕੀਤਾ ਹੋਇਆ ਹੈ। ਇਹ ਕੰਪਨੀ ਗੋਲਡ ਕਿੱਟੀ ਦੇ ਨਾਂ ’ਤੇ ਲਾਲਚ ਦੇ ਕੇ ਪੈਸੇ ਲਵਾਉਂਦੀ ਸੀ, ਜਦੋਂ ਕਿ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਇਸ ਕੰਪਨੀ ਦੀਆਂ ਬ੍ਰਾਂਚਾਂ ਹਨ। ਥਾਣਾ ਸੱਤ ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਖਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਸੀ।

ਕੰਪਨੀ ਦੇ 3 ਬੈਂਕ ਖਾਤੇ ਫਰੀਜ਼

ਪੁਲਸ ਨੇ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਤਿੰਨ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ। ਥਾਣਾ 7 ਦੇ ਇੰਚਾਰਜ ਕਮਲਜੀਤ ਿਸੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਸੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਕੁਝ ਹੋਰ ਬੈਂਕ ਖਾਤਿਆਂ ਦੀ ਲਿਸਟ ਉਨ੍ਹਾਂ ਤੱਕ ਪਹੁੰਚ ਜਾਵੇਗੀ, ਜਿਨ੍ਹਾਂ ਨੂੰ ਵੀ ਨਾਲ ਹੀ ਫਰੀਜ਼ ਕਰ ਦਿੱਤਾ ਜਾਵੇਗਾ।

ਚੰਡੀਗੜ੍ਹ ਅਤੇ ਹਰਿਆਣਾ ਪੁਲਸ ਨੇ ਵੀ ਜਾਂਚ ਕੀਤੀ ਸ਼ੁਰੂ

ਜਲੰਧਰ ਤੋਂ ਬਾਅਦ ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਵੀ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਤੱਕ ਹਰਿਆਣਾ ਅਤੇ ਚੰਡੀਗੜ੍ਹ ਪੁਲਸ ਨੇ ਕੰਪਨੀ ਦੇ ਫਰਾਡ ਮਾਲਕਾਂ ਖਿਲਾਫ਼ ਕੇਸ ਦਰਜ ਨਹੀਂ ਕੀਤਾ ਹੈ।

ਤਿੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ

ਥਾਣਾ 7 ਦੀ ਪੁਲਸ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ। ਫਿਲਹਾਲ ਤਿੰਨਾਂ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਏ. ਐੱਸ. ਪੀ. ਹਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਕਾਫੀ ਗੰਭੀਰਤਾ ਨਾਲ ਦੋਸ਼ੀਆਂ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਜਲਦ ੳੁਨ੍ਹਾਂ ਨੂੰ ਗ੍ਰ੍ਰਿਫ਼ਤਾਰ ਕਰ ਲਿਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਗੁਰਮਿੰਦਰ ਸਿੰਘ ਦਾ ਫੇਸਬੁੱਕ ਅਕਾਊਂਟ ਅੰਬਾਲਾ ਸ਼ਹਿਰ ਤੋਂ ਅੱਪਡੇਟ ਹੋਇਆ ਸੀ।


author

Harinder Kaur

Content Editor

Related News