ਇੰਗਲੈਂਡ ਗਏ ਪੁੱਤ ਨੂੰ ਅਗਵਾ ਕਰਨ ਦੀ ਆਈ ਕਾਲ, ਠੱਗੇ 13 ਲੱਖ ਰੁਪਏ
Thursday, May 23, 2024 - 04:05 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖਾਂ ਨਿਵਾਸੀ ਬਲਵਿੰਦਰ ਸਿੰਘ ਨੂੰ ਉਸ ਦੇ ਵਿਦੇਸ਼ ਰਹਿੰਦੇ ਲੜਕੇ ਨੂੰ ਅਗਵਾ ਕਰਨ ਦਾ ਡਰਾਮਾ ਰਚ ਕੇ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿਚ 13 ਲੱਖ ਰੁਪਏ ਪਵਾ ਕੇ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਅਰਸਪ੍ਰੀਤ ਕੌਰ ਗਰੇਵਾਲ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤ ਨੇ ਕਿਹਾ ਕਿ ਉਸ ਦਾ ਬੇਟਾ ਇੰਗਲੈਂਡ ਗਿਆ ਹੋਇਆ ਹੈ। ਕੁਝ ਸ਼ਾਤਰ ਵਿਅਕਤੀਆਂ ਵੱਲੋਂ 2024 ਵਿਚ ਉਸ ਨੂੰ ਵਟਸਐਪ ਕਾਲ ਕਰਕੇ ਕਿਹਾ ਗਿਆ ਕਿ ਅਸੀਂ ਤੇਰੇ ਲੜਕੇ ਨੂੰ ਅਗਵਾ ਕਰ ਲਿਆ ਹੈ ਅਤੇ ਉਹ ਸਾਡੇ ਕਬਜ਼ੇ ਵਿਚ ਹੈ, ਜਿਸ ’ਤੇ ਮੈਂ ਡਰ ਗਿਆ ਅਤੇ ਉਨ੍ਹਾਂ ਮੈਨੂੰ ਡਰਾ ਕੇ ਧੋਖੇ ਨਾਲ 13 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਪੁਆ ਲਏ ਪਰ ਬਾਅਦ ਵਿਚ ਸਾਨੂੰ ਪਤਾ ਲੱਗਣ ’ਤੇ ਅਸੀਂ ਪੁਲਸ ਨੂੰ ਸ਼ਿਕਾਇਤ ਕੀਤੀ।
ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਇਸ ਦੀ ਜਾਂਚ ਸਾਈਬਰ ਕ੍ਰਾਈਮ ਯੂਨਿਟ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ।