ਪੁਰਾਣੀ ਰੰਜਿਸ਼ ਨੂੰ ਲੈ ਕੇ ਮੈਰਿਜ ਪੈਲੇਸ ''ਚ ਚੱਲੀ ਗੋਲੀ, ਇਕ ਜ਼ਖਮੀ

Sunday, Jan 07, 2018 - 02:17 AM (IST)

ਪੁਰਾਣੀ ਰੰਜਿਸ਼ ਨੂੰ ਲੈ ਕੇ ਮੈਰਿਜ ਪੈਲੇਸ ''ਚ ਚੱਲੀ ਗੋਲੀ, ਇਕ ਜ਼ਖਮੀ

ਮੋਗਾ,  (ਆਜ਼ਾਦ)-  ਪੰਜਾਬ ਸਰਕਾਰ ਵੱਲੋਂ ਕਈ ਵਾਰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਮੈਰਿਜ ਪੈਲੇਸਾਂ 'ਚ ਗੋਲੀ ਚਲਾਉਣਾ ਤਾਂ ਦੂਰ ਦੀ ਗੱਲ ਹਥਿਆਰ ਲੈ ਕੇ ਜਾਣ ਵੀ ਮਨ੍ਹਾ ਹੈ ਪਰ ਲੋਕ ਸਰਕਾਰੀ ਹੁਕਮਾਂ ਨੂੰ ਅਣਡਿੱਠਾ ਕਰ ਕੇ ਸ਼ਰੇਆਮ ਆਪਣੇ ਅਸਲੇ ਸਮੇਤ ਮੈਰਿਜ ਪੈਲੇਸਾਂ 'ਚ ਦਾਖਲ ਹੋ ਕੇ ਅੰਨ੍ਹੇਵਾਹ ਹਵਾਈ ਫਾਇਰਿੰਗ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਧਰਮਕੋਟ ਦੇ ਇਕ ਮੈਰਿਜ ਪੈਲੇਸ 'ਚ ਵੀ ਪੁਰਾਣੀ ਰੰਜਿਸ਼ ਕਾਰਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕੁਝ ਲੋਕਾਂ ਵੱਲੋਂ ਹਵਾਈ ਫਾਇਰਿੰਗ ਕਰਨ ਤੋਂ ਇਲਾਵਾ ਗੋਲੀ ਮਾਰ ਕੇ ਗੁਰਜਿੰਦਰਪਾਲ ਸਿੰਘ ਨਿਵਾਸੀ ਪਿੰਡ ਬੱਗੀ ਪਤਨੀ (ਜ਼ੀਰਾ) ਨੂੰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜਾਣਕਾਰੀ ਅਨੁਸਾਰ ਗੁਰਜਿੰਦਰਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਦਾ ਸੁਸਾਇਟੀ ਦੇ ਕਰਮਚਾਰੀ ਬਲਵੀਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਜਦ ਮੈਂ ਧਰਮਕੋਟ ਦੇ ਸ਼ਗਨ ਪੈਲੇਸ 'ਚ ਵਿਆਹ ਸਮਾਗਮ 'ਤੇ ਆਇਆ ਤਾਂ ਉਥੇ ਦੋਸ਼ੀ ਬਲਵੀਰ ਸਿੰਘ, ਉਸ ਦਾ ਪੁੱਤਰ ਅਰਵਿੰਦਰ ਸਿੰਘ, ਦਿਲੇਰ ਸਿੰਘ, ਮਹਿੰਦਰ ਸਿੰਘ, ਸ਼ਮਸ਼ੇਰ ਸਿੰਘ ਵਾਸੀਆਨ ਪਿੰਡ ਬਘੇਲੇਵਾਲਾ ਵੀ ਆਏ ਹੋਏ ਸਨ। 
ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ਪਹਿਲਾਂ ਤਾਂ ਮੇਰੇ ਨਾਲ ਤਕਰਾਰ ਕੀਤਾ, ਜਿਸ 'ਤੇ ਮੈਂ ਵਿਆਹ ਸਮਾਰੋਹ ਤੋਂ ਵਾਪਸ ਜਾਣ ਲੱਗਾ ਤਾਂ ਇਸ ਦੌਰਾਨ ਸਾਰੇ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ 32 ਬੋਰ ਰਿਵਾਲਵਰ ਨਾਲ ਗੋਲੀਆਂ ਚਲਾਉੁਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਬਚਣ ਦਾ ਯਤਨ ਕੀਤਾ ਪਰ ਦੋਸ਼ੀ ਵੱਲੋਂ ਮੇਰੇ ਪੱਟ 'ਤੇ ਗੋਲੀ ਮਾਰ ਦਿੱਤੀ ਗਈ, ਜਿਸ 'ਤੇ ਮੈਂ ਜ਼ਖਮੀ ਹੋ ਕੇ ਉਥੇ ਡਿੱਗ ਪਿਆ ਅਤੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਏ। 
ਮੈਨੂੰ ਜ਼ਖਮੀ ਹਾਲਤ 'ਚ ਕੋਟ ਈਸੇ ਖਾਂ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਤਰ੍ਹਾਂ ਦੋਸ਼ੀਆਂ ਨੇ ਜਿਥੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ, ਉਥੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ।
ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਇੰਚਾਰਜ ਸਮੇਤ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਪੁਲਸ ਪਾਰਟੀ ਸਣੇ ਉਥੇ ਪੁੱਜੇ ਅਤੇ ਜਾਂਚ ਤੋਂ ਬਾਅਦ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਸਾਰੇ ਦੋਸ਼ੀਆਂ ਖਿਲਾਫ ਜਾਨਲੇਵਾ ਹਮਲਾ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News