ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫਨਾਕ ਅੰਜਾਮ, ਵਿਆਹੁਤਾ ਨਾਲ ਰਹਿ ਰਹੇ 20 ਸਾਲਾ ਨੌਜਵਾਨ ਨੇ ਲਿਆ ਫਾਹਾ
Monday, May 27, 2024 - 05:35 AM (IST)

ਜਲੰਧਰ (ਜ. ਬ.)– ਰਵਿਦਾਸ ਨਗਰ ਦੀ ਗਲੀ ਨੰਬਰ 2 ’ਚ ਆਪਣੀ ਪ੍ਰੇਮਿਕਾ ਦੇ ਹੀ ਘਰ ’ਚ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ 20 ਸਾਲਾ ਟਰੱਕ ਡਰਾਈਵਰ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਮੌਤ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਡਰਾਈਵਰ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਵਿਆਹੁਤਾ ਪ੍ਰੇਮਿਕਾ ਉਸ ਨਾਲ ਕਾਫ਼ੀ ਸਮੇਂ ਤੋਂ ਲੜਾਈ-ਝਗੜਾ ਕਰ ਰਹੀ ਹੈ ਪਰ ਪੁੱਤਰ ਦਾ ਫੋਨ ਆਉਣ ਤੋਂ ਕੁਝ ਦੇਰ ਬਾਅਦ ਹੀ ਪ੍ਰੇਮਿਕਾ ਨੇ ਲੜਕੇ ਦੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪੁੱਤਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਜਦੋਂ ਸਿਵਲ ਹਸਪਤਾਲ ਪੁੱਜੇ ਤਾਂ ਨੌਜਵਾਨ ਦੇ ਸਾਹ ਚੱਲ ਰਹੇ ਸਨ ਪਰ ਕੁਝ ਸਮੇਂ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ਼ ਸੁਖਮਨ ਪੁੱਤਰ ਸੁਰਿੰਦਰ ਪ੍ਰਸਾਦ ਸਿੰਘ ਵਾਸੀ ਨਵਯੁਗ ਕਾਲੋਨੀ ਮਕਸੂਦਾਂ ਵਜੋਂ ਹੋਈ ਹੈ।
ਬਲੈਕਮੇਲ ਕਰਦੀ ਸੀ ਪਿੰਕੀ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਪਾਲ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਰਵਿਦਾਸ ਨਗਰ ’ਚ ਰਹਿਣ ਵਾਲੀ ਪਿੰਕੀ ਵਿਆਹੁਤਾ ਹੈ ਤੇ ਉਹ ਆਪਣੀ ਮਾਂ ਨਾਲ ਰਹਿੰਦੀ ਹੈ। ਉਸ ਦਾ ਆਪਣੇ ਪਤੀ ਨਾਲ ਕਥਿਤ ਤੌਰ ’ਤੇ ਤਲਾਕ ਹੋ ਚੁੱਕਾ ਹੈ। ਜਸਪਾਲ ਉਰਫ਼ ਸੁਖਮਨ 6 ਮਹੀਨਿਆਂ ਤੋਂ ਪਿੰਕੀ ਦੇ ਘਰ ’ਚ ਰਹਿ ਰਿਹਾ ਸੀ। ਸੁਨੀਤਾ ਨੇ ਦੱਸਿਆ ਕਿ 25 ਮਈ ਨੂੰ ਦੇਰ ਰਾਤ ਜਸਪਾਲ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪਿੰਕੀ ਉਸ ਨਾਲ ਲੜਾਈ-ਝਗੜਾ ਕਰ ਰਹੀ ਹੈ। ਜਦੋਂ ਸੁਨੀਤਾ ਨੇ ਉਸ ਨੂੰ ਸਭ ਕੁਝ ਛੱਡ ਕੇ ਘਰ ਪਰਤਣ ਲਈ ਕਿਹਾ ਤਾਂ ਜਸਪਾਲ ਨੇ ਕਿਹਾ ਕਿ ਜੇਕਰ ਉਹ ਘਰ ਆਉਣ ਦੀ ਗੱਲ ਕਰਦਾ ਹੈ ਤਾਂ ਪਿੰਕੀ ਉਸ ਨੂੰ ਬਲੈਕਮੇਲ ਕਰਦੀ ਹੈ, ਜਿਸ ਕਾਰਨ ਉਹ ਘਰ ਨਹੀਂ ਆ ਸਕਦਾ।
ਇਹ ਖ਼ਬਰ ਵੀ ਪੜ੍ਹੋ : IPL 2024 Final : KKR ਬਣੀ ਚੈਂਪੀਅਨ, ਇਕਤਰਫ਼ਾ ਅੰਦਾਜ਼ 'ਚ SRH ਨੂੰ ਹਰਾ ਕੇ ਤੀਜੀ ਵਾਰ ਕੀਤਾ ਟ੍ਰਾਫ਼ੀ 'ਤੇ ਕਬਜ਼ਾ
ਫਾਹਾ ਲੈਣ ਤੋਂ ਪਹਿਲਾਂ ਮਾਂ ਨਾਲ ਹੋਈ ਸੀ ਗੱਲ
ਸੁਨੀਤਾ ਨੇ ਦੋਸ਼ ਲਾਇਆ ਕਿ ਇਸ ਤੋਂ ਕੁਝ ਦੇਰ ਬਾਅਦ ਪਿੰਕੀ ਨੇ ਉਸ ਦੇ ਲੜਕੇ ਦੇ ਨੰਬਰ ਤੋਂ ਫੋਨ ਕਰਕੇ ਦੱਸਿਆ ਕਿ ਜਸਪਾਲ ਸਿੰਘ ਨੇ ਘਰ ’ਚ ਹੀ ਫਾਹਾ ਲਾ ਲਿਆ ਹੈ ਪਰ ਉਸ ਦੇ ਸਾਹ ਚੱਲ ਰਹੇ ਹਨ ਤੇ ਉਹ ਜਸਪਾਲ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਹੀ ਹੈ। ਜਦੋਂ ਉਹ ਆਪਣੇ ਪਰਿਵਾਰ ਨਾਲ ਸਿਵਲ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਪਿੰਕੀ ਨੇ ਪੁਲਸ ਨੂੰ ਸ਼ਿਕਾਇਤ ਦੇਣ ’ਤੇ ਉਨ੍ਹਾਂ ਨੂੰ ਧਮਕਾਇਆ ਤੇ ਫਿਰ ਚਲੀ ਗਈ। ਇਲਾਜ ਦੇ ਕੁਝ ਦੇਰ ਬਾਅਦ ਹੀ ਜਸਪਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਿੰਕੀ ਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਤੇ ਫਿਰ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦਰਸਾਉਣ ਲਈ ਉਸ ਨੂੰ ਫਾਹੇ ’ਤੇ ਟੰਗ ਦਿੱਤਾ।
ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਸਿਵਲ ਹਸਪਤਾਲ ਪਹੁੰਚੀ। ਪੁਲਸ ਨੇ ਸੁਨੀਤਾ ਦੇ ਬਿਆਨ ਦਰਜ ਕਰ ਲਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਪਿੰਕੀ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਨੰਬਰ 77 ਦਰਜ ਕਰ ਲਿਆ ਹੈ। ਹਾਲਾਂਕਿ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਤੇ ਡਿਊਟੀ ਅਫ਼ਸਰ ਵਲੋਂ ਫੋਨ ਨਾ ਚੁੱਕਣ ਕਾਰਨ ਕੇਸ ਦਰਜ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।