ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ''ਤੇ ਠੱਗੇ 9.20 ਲੱਖ
Thursday, Mar 01, 2018 - 03:23 AM (IST)

ਲੁਧਿਆਣਾ, (ਅਨਿਲ)- ਪੜ੍ਹਾਈ ਲਈ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ 9.20 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ ਮੇਹਰਬਾਨ ਪੁਲਸ ਨੇ ਇਕ ਜੋੜੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਕਾਸਾਬਾਦ ਦੇ ਰਹਿਣ ਵਾਲੇ ਲਖਵੰਤ ਸਿੰਘ ਬੱਗਾ ਪੁੱਤਰ ਟਹਿਲ ਸਿੰਘ ਨੇ 16 ਨਵੰਬਰ 2017 ਨੂੰ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਆਪਣੇ ਬੇਟੇ ਤੇਜਪ੍ਰੀਤ ਸਿੰਘ ਨੂੰ ਪੜ੍ਹਾਈ ਕਰਨ ਕੈਨੇਡਾ ਭੇਜਣ ਸਬੰਧੀ ਕਮਲਪ੍ਰੀਤ ਕੌਰ ਪਤਨੀ ਸਤਿੰਦਰ ਸਿੰਘ ਅਤੇ ਸਤਿੰਦਰ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਥਰਮਲ ਪਲਾਂਟ ਬਠਿੰਡਾ ਦੇ ਨਾਲ ਸੰਪਰਕ ਕੀਤਾ। ਇਸ 'ਤੇ ਉਕਤ ਜੋੜੇ ਨੇ 9.20 ਲੱਖ ਰੁਪਏ, ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਲਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਜੋੜੇ ਨੇ ਨਾ ਤਾਂ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ ਉਕਤ ਜੋੜੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਹੁਣ ਤੱਕ ਦੋਵਾਂ 'ਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਇਨ੍ਹਾਂ ਦੀ ਧਰ ਪਕੜ ਲਈ ਛਾਪੇਮਾਰੀ ਕਰ ਰਹੀ ਹੈ।