ਇਸ ਵਾਰ 80 ਸਾਲ ਉਮਰ ਵਾਲੇ ਵੋਟਰ ਵੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
Thursday, Nov 25, 2021 - 12:24 PM (IST)
ਮੋਗਾ (ਗੋਪੀ ਰਾਊਕੇ) : ਭਾਰਤੀ ਚੋਣ ਕਮਿਸ਼ਨ ਵੱਲੋਂ ਹਰੇਕ ਵੋਟਰ ਦੀ ਵੋਟ ਪੈਣੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ 80 ਸਾਲ ਜਾਂ ਇਸ ਤੋਂ ਉਪਰ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ-ਕਮ-ਰੋਲ ਆਬਜ਼ਰਵਰ ਦਲਜੀਤ ਸਿੰਘ ਮਾਂਗਟ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਹੋਰ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਦਾ ਲਾਭ ਲੈਣ ਲਈ ਯੋਗ ਵੋਟਰਾਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਦੇ ਇਕ ਹਫ਼ਤੇ ਦੇ ਅੰਦਰ-ਅੰਦਰ ਨਿਰਧਾਰਿਤ ਫਾਰਮ ਭਰ ਕੇ ਆਪਣੇ ਖੇਤਰ ਦੇ ਬੀ. ਐੱਲ. ਓ. ਨੂੰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਜਿੱਥੇ ਤਾਂ ਬਜ਼ੁਰਗ ਵੋਟਰਾਂ ਨੂੰ ਪੋਲਿੰਗ ਬੂਥ ਆਉਣ ਦੀ ਲੋੜ ਨਹੀਂ ਰਹੇਗੀ, ਉੱਥੇ ਹੀ ਵੋਟ ਪ੍ਰਕਿਰਿਆ ਵਿਚ ਹੋਰ ਵਧੇਰੇ ਪਾਰਦਰਸ਼ਤਾ ਆਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅਪੰਗ ਵੋਟਰਾਂ ਅਤੇ ਹੋਰ ਵੋਟਰਾਂ ਲਈ ਵੀ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿਚ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਦੀਪ ਸਿੰਘ ਜੋਗੇਵਾਲਾ, ਭਾਜਪਾ ਵੱਲੋਂ ਬੋਹੜ ਸਿੰਘ ਗਿੱਲ, ਸੀ. ਪੀ. ਆਈ. ਐੱਮ. ਵੱਲੋਂ ਕਰਨੈਲ ਸਿੰਘ ਭੰਮਰਾ, ਜ਼ਿਲਾ ਕਾਂਗਰਸ ਕਮੇਟੀ ਵੱਲੋਂ ਹਰਵਿੰਦਰ ਸਿੰਘ ਬਿੱਟੂ, ਆਪ ਵੱਲੋਂ ਹਰਮਨਜੀਤ ਸਿੰਘ, ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਕੰਬੋਜ, ਐੱਨ. ਸੀ. ਪੀ. ਵੱਲੋਂ ਵਨੀਤ ਸ਼ਰਮਾ ਅਤੇ ਸੁਖਜੀਤ ਸਿੰਘ, ਜ਼ਿਲ੍ਹਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।