18 ਸਾਲਾ ਪੁੱਤ ਦੀ ਨਸ਼ੇ ਕਾਰਣ ਮੌਤ, ਬਲਦੇ ਸਿਵੇ ਅੱਗੇ ਖੜ੍ਹੇ ਹੋ ਗ੍ਰੰਥੀ ਪਿਓ ਦੇ ਬੋਲਾਂ ਨੇ ਖੜ੍ਹੇ ਕੀਤੇ ਰੌਂਗਟੇ (Vide
Sunday, Oct 16, 2022 - 06:28 PM (IST)
ਖ਼ਡੂਰ ਸਾਹਿਬ : ਖ਼ਡੂਰ ਸਾਹਿਬ ਵਿਚ ਇਕ 18 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਨਸ਼ੇ ਕਾਰਣ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤਰ ਦੀ ਮੌਤ ਲਈ ਨਸ਼ੇ ਨੂੰ ਜ਼ਿੰਮੇਵਾਰ ਦੱਸਿਆ ਹੈ। ਸ਼ਨੀਵਾਰ ਨੂੰ ਉਕਤ ਨੌਜਵਾਨ ਜਤਿੰਦਰ ਸਿੰਘ ਦੇ ਸਸਕਾਰ ਮੌਕੇ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਗ੍ਰੰਥੀ ਭਾਵੁਕ ਹੋ ਗਏ। ਪੁੱਤ ਦੀ ਬਲਦੀ ਚਿਖਾ ਦੇ ਸਾਹਮਣੇ ਹੰਝੂ ਭਰੀਆਂ ਅੱਖਾਂ ਨਾਲ ਸ਼ਮਸ਼ਾਨਘਾਟ ਵਿਚ ਮੌਜੂਦ ਲੋਕਾਂ ਨੂੰ ਇਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚਿੱਟੇ ਦੀ ਅੱਗ ਨੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਅੱਜ ਜੇ ਸਾਰੇ ਇਕੱਠੇ ਨਾ ਹੋਏ ਤਾਂ ਇਹ ਅੱਗ ਸਾਰਿਆਂ ਦੇ ਘਰਾਂ ਤੱਕ ਪਹੁੰਚ ਜਾਵੇਗੀ। ਗ੍ਰੰਥੀ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਖਡੂਰ ਸਾਹਿਬ ਜ਼ਿਲ੍ਹੇ ਵਿਚ 15 ਤੋਂ 22 ਸਾਲ ਤੱਕ ਦੇ ਨੌਜਵਾਨ ਖ਼ਤਮ ਹੋ ਚੁੱਕੇ ਹਨ। ਉਸ ਨੇ ਕਈ ਵਾਰ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਵਰਜਿਆ ਵੀ ਅਤੇ ਚਪੇੜਾਂ ਵੀ ਮਾਰੀਆਂ ਅਤੇ ਨਸ਼ਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ।
ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ
ਪਿਤਾ ਜਸਵਿੰਦਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦਾ ਵਿਰੋਧ ਕਰਨਾ ਪਵੇਗਾ। ਦੱਸਣਯੋਗ ਹੈ ਕਿ ਜਤਿੰਦਰ ਸਿੰਘ (18) ਦੀ ਲਾਸ਼ ਪਿੰਡ ਦੇ ਨੇੜੇ ਵਹਿਣ ਵਾਲੀ ਨਹਿਰ ਦੀਆਂ ਝਾੜੀਆਂ ’ਚੋਂ ਬਰਾਮਦ ਹੋਈ ਸੀ। ਮ੍ਰਿਤਕ ਦੇ ਚਚੇਰੇ ਭਰਾ ਨੇ ਜਤਿੰਦਰ ਸਿੰਘ ਦੇ ਹੱਥ ’ਤੇ ਸਰਿੰਜ ਦੇ ਨਿਸ਼ਾਨ ਦੇਖ ਕੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਗੱਲ ਆਖੀ ਸੀ। ਉਧਰ ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਵੀ ਆਖਿਆ ਹੈ ਕਿ ਜਤਿੰਦਰ ਦੀ ਮੌਤ ਨਸ਼ੇ ਕਾਰਣ ਹੀ ਹੋਈ ਹੈ।
ਇਹ ਵੀ ਪੜ੍ਹੋ : 40 ਲੱਖ ਰੁਪਏ ਲਗਾ ਕੇ ਨਿਊਜ਼ੀਲੈਂਡ ਭੇਜੀ ਪਤਨੀ ਨੇ ਦਿਖਾਏ ਤੇਵਰ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁੱਝ
ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਤਿੰਦਰ, ਭੇਜਣਾ ਸੀ ਵਿਦੇਸ਼
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਤਿੰਦਰ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਨਾ ਤਾਂ ਉਸ ਦਾ ਕੋਈ ਭਰਾ ਹੈ ਅਤੇ ਨਾ ਹੀ ਕੋਈ ਭੈਣ। ਉਸ ਦੇ ਮਾਤਾ-ਪਿਤਾ ਜਤਿੰਦਰ ਨੂੰ ਆਈਲੈਟ ਕਰਵਾ ਕੇ ਬਾਹਰ ਭੇਜਣਾ ਚਾਹੁੰਦੇ ਸਨ ਪਰ ਪਤਾ ਨਹੀਂ ਕਦੋਂ ਉਹ ਨਸ਼ੇ ਦੀ ਗ੍ਰਿਫਤ ਵਿਚ ਆ ਗਿਆ ਅਤੇ ਅੱਜ ਉਸ ਦੀ ਨਸ਼ੇ ਨੇ ਜਾਨ ਲੈ ਲਈ।
ਇਹ ਵੀ ਪੜ੍ਹੋ : ਬਟਾਲਾ ’ਚ ਹੋਏ ਜ਼ਬਰਦਸਤ ਐਨਕਾਊਂਟਰ ਦੀ ਵੀਡੀਓ ਆਈ ਸਾਹਮਣੇ
ਕੀ ਕਹਿਣਾ ਹੈ ਥਾਣਾ ਗੋਇੰਦਵਾਲ ਸਾਹਿਬ ਦੇ ਐੱਸ. ਐੱਚ. ਓ . ਦਾ
ਇਸ ਸੰਬੰਧੀ ਜਦੋਂ ਥਾਣਾ ਗੋਇੰਦਵਾਲ ਸਾਹਿਬ ਦੇ ਐੱਸ. ਐੱਚ. ਓ . ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਫਿਲਹਾਲ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਕਾਲ ਡਿਟੇਲ ਵੀ ਖੰਘਾਲੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : ਗੁਰਜੰਟ ਜੰਟਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲੰਡਾ ਦਾ ਇਕ ਹੋਰ ਵੱਡਾ ਕਾਂਡ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।