ਮਨੀਲਾ ਤੋਂ ਚੱਲ ਰਿਹਾ ਸੀ ਡਕੈਤੀ ਗੈਂਗ, 8 ਮੈਂਬਰ ਚੜ੍ਹੇ ਪੁਲਸ ਹੱਥੇ, ਹੋਏ ਹੈਰਾਨੀਜਨਕ ਖ਼ੁਲਾਸੇ
Thursday, Jun 08, 2023 - 02:02 PM (IST)
ਜਲੰਧਰ (ਸੋਨੂੰ, ਸ਼ੋਰੀ, ਸ਼ਰਮਾ)- ਦਿਹਾਤੀ ਕ੍ਰਾਈਮ ਬ੍ਰਾਂਚ ਅਤੇ ਥਾਣਾ ਨੂਰਮਹਿਲ ਦੀ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਪੁਲਸ ਨੇ ਨੂਰਮਹਿਲ ਇਲਾਕੇ ’ਚ ਡਕੈਤੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 5 ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੂੰ 29 ਮਈ ਨੂੰ ਦਿੱਤੇ ਬਿਆਨਾਂ ’ਚ ਸ਼ਸ਼ੀ ਭੂਸ਼ਣ ਪੁੱਤਰ ਰਮੇਸ਼ ਚੰਦਰ ਵਾਸੀ ਮੁਹੱਲਾ ਪਾਸੀਆ ਨੂਰਮਹਿਲ ਜੋਕਿ ਚਿੰਤ ਰਾਮ ਹਰੀਦੇਵ ਪਾਸੀ ਦੇ ਨਾਂ ਤੋਂ ਲੰਮਾ ਬਾਜ਼ਾਰ ’ਚ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ।
ਉਸ ਦੇ ਘਰ ਉਸ ਦੀ ਪਤਨੀ ਸੀਮਾ ਅਤੇ ਪਿਤਾ ਰਮੇਸ਼ ਚੰਦਰ ਰਹਿੰਦੇ ਹਨ। 29 ਨੂੰ ਦੁਪਹਿਰ ਕਰੀਬ 1.30 ਵਜੇ ਉਸ ਦੀ ਪਤਨੀ ਘਰੋਂ ਦੁਕਾਨ ਵੱਲ ਚਲੀ ਗਈ ਜਦ ਉਹ ਦੁਪਹਿਰ 2 ਵਜੇ ਦੇ ਕਰੀਬ ਖਾਣਾ ਖਾਣ ਲਈ ਘਰ ਆਇਆ ਤਾਂ ਉਸ ਨੇ ਘਰ ਦੇ ਬਾਹਰ ਬਿਨਾਂ ਨੰਬਰ ਪਲੇਟ ਵਾਲੇ 2 ਮੋਟਰਸਾਈਕਲ ਖੜ੍ਹੇ ਵੇਖੇ। ਉਸ ਦੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਦੇ ਪਿਤਾ ਅਤੇ ਗੁਆਂਢੀ ਦਾ ਬੇਟਾ ਆਰੁਸ਼ ਦੱਤ (11) ਵੀ ਘਰ ’ਚ ਉਸ ਦੇ ਨਾਲ ਸਨ। ਘਰ ਦਾ ਦਰਵਾਜ਼ਾ ਖੜ੍ਹਕਾਉਣ ’ਤੇ ਲੁਟੇਰੇ ਨੇ ਉਸ ਦੇ ਸਿਰ ’ਤੇ ਪਿਸਤੌਲ ਤਾਣ ਦਿੱਤਾ। ਮੁਲਜ਼ਮਾਂ ਦੀ ਗਿਣਤੀ 13 ਦੇ ਕਰੀਬ ਸੀ। ਉਨ੍ਹਾਂ ਨੇ ਉਸ ਦੇ ਘਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਨੇ ਪੀੜਤ ਸ਼ਸ਼ੀ ਭੂਸ਼ਣ ਦੇ ਬਿਆਨਾਂ ’ਤੇ ਥਾਣਾ ਨੂਰਮਹਿਲ ਵਿਖੇ ਮਾਮਲਾ ਦਰਜ ਕੀਤਾ ਸੀ। ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਤੇ ਥਾਣਾ ਨੂਰਮਹਿਲ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਟੈਕਨੀਕਲ ਢੰਗ ਨਾਲ 13 ਮੈਂਬਰਾਂ ਦੇ ਇਸ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਲੁਧਿਆਣਾ 'ਚ ਪ੍ਰੇਮੀ ਨੇ ਡਾਂਸਰ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਰੌਂਗਟੇ ਖ਼ੜ੍ਹੇ ਕਰ ਦੇਣ ਵਾਲੀ ਕੀਤੀ ਕਰਤੂਤ
ਪੁਲਸ ਨੇ ਸੂਚਨਾ ਦੇ ਆਧਾਰ ’ਤੇ ਸ਼ਰਨਜੀਤ ਸਿੰਘ ਉਰਫ਼ ਸੰਨੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਗੋਰਾਇਆ ਨਾਲ ਜਗਜੀਤ ਸਿੰਘ ਉਰਫ਼ ਜੱਗੀ ਉਰਫ਼ ਘੋੜਾ ਵਾਸੀ ਪਿੰਡ ਕੰਦੋਲਾ ਥਾਣਾ ਨੂਰਮਹਿਲ, ਕੁਲਦੀਪ ਸਿੰਘ ਉਰਫ਼ ਦੀਪੀ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬੰਡਾਲਾ ਨੂਰਮਹਿਲ, ਜਗਜੀਵ ਸਿੰਘ ਉਰਫ਼ ਜੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਸਲਾਲਪੁਰ ਥਾਣਾ ਸਦਰ ਜਲੰਧਰ, ਹਰਸ਼ਨਪ੍ਰੀਤ ਸਿੰਘ ਉਰਫ਼ ਹਨੀ ਮਠਾੜੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੰਦੋਲਾ ਕਲਾਂ ਨੂਰਮਹਿਲ, ਜਸਮੀਤ ਸਿੰਘ ਪੁੱਤਰ ਯਸ਼ਪਾਲ ਸਿੰਘ ਵਾਸੀ ਪਿੰਡ ਸਲਾਲਪੁਰ ਥਾਣਾ ਜਮਸ਼ੇਰ ਜਲੰਧਰ ਨੂੰ ਬਲਜੀਤ ਸਿੰਘ ਵਾਸੀ ਜਮਸ਼ੇਰ ਦੀ ਹਵੇਲੀ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਨੂਰਮਹਿਲ ’ਚ ਲੁੱਟ ਦੀ ਵਾਰਦਾਤ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਧਾਲੀਵਾਲ ਨਕੋਦਰ ਜੋ ਕਿ ਫਾਈਨਾਂਸ ਦਾ ਕੰਮ ਕਰਦਾ ਹੈ, ਨੇ ਅੰਜਾਮ ਦਿੱਤਾ ਹੈ। ਉਸ ਦਾ ਸਾਥੀ ਜਸਵਿੰਦਰ ਕੁਮਾਰ ਉਰਫ਼ ਮੋਨੂੰ ਗਿੱਲ ਪੁੱਤਰ ਚਮਨ ਲਾਲ ਵਾਸੀ ਨੂਰਮਹਿਲ ਜੋ ਕਿ ਮਨੀਲਾ ’ਚ ਰਹਿ ਰਿਹਾ ਹੈ। ਮਨੀਲਾ ਤੋਂ ਉਹ ਆਪਣੇ ਵਟਸਐਪ ਰਾਹੀਂ ਗੁਰਪ੍ਰੀਤ ਸਿੰਘ ਨਾਲ ਗੱਲ ਕਰਦਾ ਸੀ। ਗੁਰਪ੍ਰੀਤ ਸਿੰਘ ਅੱਗੇ ਸ਼ਰਨਜੀਤ ਸਿੰਘ ਨਾਲ ਗੱਲ ਕਰਦਾ ਸੀ। ਘਰ 'ਚ ਵੜ ਕੇ ਲੁੱਟਖੋਹ ਕਰਨ ਲਈ ਜਸਮੀਤ ਸਿੰਘ ਨੇ 4 ਲੁਟੇਰਿਆਂ ਦਾ ਪ੍ਰਬੰਧ ਕੀਤਾ ਸੀ।
ਮੁਲਜ਼ਮ ਯੁਵਰਾਜ ਸਿੰਘ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਭਾਰਤੀ ਕਰੰਸੀ, ਇਕ ਮੋਬਾਇਲ ਫੋਨ, ਹਰਸ਼ਨਪ੍ਰੀਤ ਸਿੰਘ ਕੋਲੋਂ ਲੁੱਟੀ ਗਈ ਰਕਮ ਨਾਲ ਲਈ ਮੁੰਦੀ ਪੁਲਸ ਨੇ ਬਰਾਮਦ ਕਰ ਲਈ ਹੈ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਨੂਰਮਹਿਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨੀਲਾ ਚਲਾ ਗਿਆ ਸੀ ਤਾਂ ਜੋ ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋ ਸਕੇ। ਉਹ ਮੋਬਾਇਲ ਫ਼ੋਨ ਰਾਹੀਂ ਆਪਣੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨਾਲ ਸੰਪਰਕ ’ਚ ਸੀ। ਸ਼ਸ਼ੀ ਭੂਸ਼ਣ ਦੇ ਘਰੋਂ ਸੋਨੇ ਦੀਆਂ ਇੱਟਾਂ, ਗਹਿਣੇ, ਨਕਦੀ ਸਾਰਿਆਂ ਨੇ ਆਪਸ ’ਚ ਵੰਡ ਲਈ ਸੀ। ਪੁਲਸ ਨੇ 5 ਮੋਟਰਸਾਈਕਲ, 1 ਲੱਖ 80 ਹਜ਼ਾਰ ਕੈਸ਼, 2 ਪਿਸਤੌਲ, 4 ਜ਼ਿੰਦਾ ਰੌਂਦ, ਲੁੱਟ ਦੀ ਰਕਮ ਨਾਲ ਖਰੀਦਿਆ ਇਕ ਮੋਬਾਇਲ ਫ਼ੋਨ ਤੇ ਇਕ ਸੋਨੇ ਦੀ ਮੁੰਦੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ
ਭਗੌੜੇ ਮੁਲਜ਼ਮਾਂ ’ਚ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਭੂਰੇ ਗਿੱਲ ਅਜਨਾਲਾ ਅੰਮ੍ਰਿਤਸਰ, ਮਨਪ੍ਰੀਤ ਮਸੀਹ ਵਾਸੀ ਭੂਰੇ ਗਿੱਲ ਅਜਨਾਲਾ ਅੰਮ੍ਰਿਤਸਰ, ਅਕਾਸ਼ਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਧਾਲੀਵਾਲ ਥਾਣਾ ਸਦਰ ਨਕੋਦਰ ਤੇ ਜਸਵਿੰਦਰ ਪੁੱਤਰ ਚਮਨ ਲਾਲ ਵਾਸੀ ਨੂਰਮਹਿਲ ਦੀ ਭਾਲ ’ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਗੌੜੇ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਦੇਰ ਰਾਤ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਗੈਂਗ ਦੇ ਸਰਗਣਾ ਜਸਵਿੰਦਰ ਸਿੰਘ ਖਿਲਾਫ ਜਲਦ ਹੀ ਲੁੱਕਆਊਟ ਨੋਟਿਸ ਜਾਰੀ ਕਰਨ ਜਾ ਰਹੀ ਹੈ। ਇਸ ਮੌਕੇ ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ, ਐੱਸ. ਪੀ. ਹੈੱਡਕੁਆਟਰ ਸਰਬਜੀਤ ਰਾਏ, ਡੀ. ਐੱਸ. ਪੀ. (ਡੀ) ਤਰਸੇਮ ਮਸੀਹ, ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਤੇ ਥਾਣਾ ਨੂਰਮਹਿਲ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani