8 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਦੋ ਗ੍ਰਿਫਤਾਰ
Wednesday, May 06, 2020 - 02:34 PM (IST)
ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਨੇ 8 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਕਿ ਜਾਅਲੀ ਕਰੰਸੀ ਦੋਨੋਂ ਨੌਜਵਾਨਾਂ ਨੇ ਦਿੱਲੀ ਦੇ ਨਾਈਜੀਰੀਅਨ ਹੈਰੋਇਨ ਸਮੱਗਲਰਾਂ ਨੂੰ ਹੈਰੋਇਨ ਖਰੀਦਣ ਦੇ ਬਦਲੇ ਦੇਣੀ ਸੀ। ਪੁਲਸ ਨੇ ਦੋਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਾਅਲੀ ਕਰੰਸੀ ਕਿਤੇ ਪਾਕਿਸਤਾਨ ਤੋਂ ਤਾਂ ਨਹੀਂ ਆਈ ।
ਇਹ ਵੀ ਪੜ੍ਹੋ: ਗੋਲੀਆਂ ਨਾਲ ਭੁੰਨੇ ਗਏ ਕਾਂਗਰਸੀ ਆਗੂ ਦਾ ਨਹੀਂ ਹੋਇਆ ਸਸਕਾਰ, ਪਰਿਵਾਰ ਨੇ ਕੀਤੀ ਇਹ ਮੰਗ
ਥਾਣਾ ਨੰਬਰ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਚੌਕੀ ਇੰਚਾਰਜ ਗੁਰਵਿੰਦਰ ਸਿੰਘ, ਏ. ਐੱਸ. ਆਈ. ਨਿਸ਼ਾਨ ਸਿੰਘ ਅਤੇ ਪੁਲਸ ਟੀਮ ਨੇ ਉਸ ਦੀ ਸੂਚਨਾ 'ਤੇ ਥ੍ਰੀ ਸਟਾਰ ਕਾਲੋਨੀ 'ਚ ਰਹਿਣ ਵਾਲੇ ਨਰੇਸ਼ ਉਰਫ ਨਿਸ਼ਾ ਪੁੱਤਰ ਰਾਮ ਕੁਮਾਰ ਮੂਲ ਨਿਵਾਸੀ ਬਲਦੇਵ ਨਗਰ ਰਾਮਾ ਮੰਡੀ ਦੇ ਘਰ ਰੇਡ ਕੀਤੀ ਸੀ। ਪੁਲਸ ਨੇ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉਸ ਨੂੰ ਬੈੱਡ 'ਤੇ ਰੱਖੇ ਸਿਰਹਾਣੇ ਹੇਠੋਂ ਇਕ ਪੈਕੇਟ ਮਿਲਿਆ, ਜਿਸ ਵਿਚੋਂ 2-2 ਹਜ਼ਾਰ ਰੁਪਏ ਦੇ 4 ਪੈਕੇਟ ਲੁਕਾਏ ਹੋਏ ਸਨ। ਬਰਾਮਦ ਕੀਤੇ ਗਏ ਨੋਟਾਂ ਦੀ ਗਿਣਤੀ ਕੀਤੀ ਤਾਂ ਇਸ ਦੀ ਕੁੱਲ ਰਕਮ 8 ਲੱਖ ਰੁਪਏ ਬਣੀ।
ਇਹ ਵੀ ਪੜ੍ਹੋ: ਕੋਰੋਨਾ ਦੇ ਸੰਕਟ ਦਰਮਿਆਨ ਵਿਧਾਇਕ ਰਾਜਾ ਵੜਿੰਗ ਨੇ ਬਾਦਲ ਜੋੜੇ ਨੂੰ ਲਿਖੀ ਚਿੱਠੀ, ਰੱਖੀਆਂ ਇਹ ਮੰਗਾਂ
ਪੁਲਸ ਨੇ ਜਦੋਂ ਨੋਟਾਂ ਨੂੰ ਚੈੱਕ ਕੀਤਾ ਤਾਂ ਇਹ ਸਾਰੀ ਕਰੰਸੀ ਜਾਅਲੀ ਨਿਕਲੀ। ਪੁਲਸ ਨੇ ਨਰੇਸ਼ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਕਰੰਸੀ ਉਸ ਨੂੰ ਪੁਨੀਤ ਸੋਢੀ ਪੁੱਤਰ ਅਨਿਲ ਕੁਮਾਰ ਨਿਵਾਸੀ ਅਰਜਨ ਨਗਰ ਰਾਮਾ ਮੰਡੀ ਨੇ ਦਿੱਤੀ ਸੀ। ਪੁਲਸ ਨੇ ਸੋਮਵਾਰ ਨੂੰ ਦੇਰ ਰਾਤ ਪੁਨੀਤ ਨੂੰ ਵੀ ਉਸ ਦੇ ਘਰ ਵਿਚ ਰੇਡ ਕਰਕੇ ਗ੍ਰਿਫਤਾਰ ਕਰ ਲਿਆ। ਨਰੇਸ਼ ਕੁਮਾਰ 'ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ ਜਦਕਿ ਲਗਭਗ ਇਕ ਸਾਲ ਪਹਿਲਾਂ ਸੋਢੀ ਵੀ ਸ਼ਰਾਬ ਸਮੱਗਲਿੰਗ ਕਰਦਾ ਹੋਇਆ ਫੜਿਆ ਗਿਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰਕਮ ਦਿੱਲੀ ਦੇ ਨਾਈਜੀਰੀਅਨ ਹੈਰੋਇਨ ਸਮੱਗਲਰਾਂ ਨੂੰ ਹੈਰੋਇਨ ਖਰੀਦਣ ਦੇ ਬਦਲੇ ਦੇਣੀ ਸੀ।