PSPCL ਵੱਲੋਂ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਰਵਾਈ ਜਾਵੇਗੀ 8 ਘੰਟੇ ਬਿਜਲੀ ਸਪਲਾਈ : ਇੰਜ. ਬਲਦੇਵ ਸਿੰਘ ਸਰਾਂ

Sunday, May 08, 2022 - 07:55 PM (IST)

ਪਟਿਆਲਾ : ਸੀ.ਐੱਮ.ਡੀ. ਪੀ.ਐੱਸ.ਪੀ.ਸੀ.ਐੱਲ. ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੈਡੀ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਕਰਵਾਈ ਜਾਵੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਇਹ ਪ੍ਰਗਟਾਵਾ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਿਚਕਾਰ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਦਫ਼ਤਰ ਵਿਖੇ ਇਕ ਵਿਸ਼ੇਸ਼ ਮੀਟਿੰਗ 'ਚ ਕੀਤਾ ਗਿਆ।

ਇਹ ਵੀ ਪੜ੍ਹੋ : ਜਨਤਾ ਬਜਟ 'ਤੇ ਉਦਯੋਗਪਤੀਆਂ ਦੇ ਸੁਝਾਅ ਲੈਣ ਪੁੱਜੇ ਵਿੱਤ ਮੰਤਰੀ ਨੇ ਪਿਛਲੀਆਂ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ

ਇਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ, ਇੰਜ. ਦਲਜੀਤ ਇੰਦਰਪਾਲ ਸਿੰਘ ਗਰੇਵਾਲ ਡਾਇਰੈਕਟਰ ਸੰਚਾਲਨ, ਇੰਜ. ਗੋਪਾਲ ਸ਼ਰਮਾ ਡਾਇਰੈਕਟਰ ਕਮਰਸ਼ੀਅਲ, ਇੰਜ. ਪਰਮਜੀਤ ਸਿੰਘ ਡਾਇਰੈਕਟਰ ਉਤਪਾਦਨ ਤੋਂ ਇਲਾਵਾ ਸਾਰੇ ਸੰਚਾਲਨ ਜ਼ੋਨਜ਼ ਦੇ ਮੁੱਖ ਇੰਜੀਨੀਅਰ, ਮੁੱਖ ਇੰਜੀਨੀਅਰ ਪੀ. ਪੀ. ਐਂਡ ਆਰ. ਤੇ ਮੁੱਖ ਇੰਜੀਨੀਅਰ ਪੀ. ਐਂਡ ਐੱਮ. ਵੀ ਸ਼ਾਮਲ ਹੋਏ। ਇਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਿਜਲੀ ਸਪਲਾਈ ਅਤੇ ਹੋਰ ਔਕੜਾਂ/ਮਸਲਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਅਤੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਿਸਾਨਾਂ ਦੇ ਜ਼ਰੂਰੀ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਆਪ' ਸਰਕਾਰ ਪੰਜਾਬ ਪੁਲਸ ਦੀ ਕਰ ਰਹੀ ਦੁਰਵਰਤੋਂ : ਸੁਖਬੀਰ ਬਾਦਲ

ਮੀਟਿੰਗ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨਾਂ ਨੂੰ ਚੰਗੇ ਮਾਰਕੇ ਦੇ ਸ਼ੁੰਟ ਕਪੈਸਟਰ ਲਗਾਉਣ ਦੀ ਅਪੀਲ ਸਬੰਧੀ ਛਪਣ ਸਮੱਗਰੀ ਵੀ ਵੰਡੀ ਗਈ ਅਤੇ ਕਿਸਾਨਾਂ ਨੂੰ ਇਸ ਸਬੰਧੀ ਅਪੀਲ ਕੀਤੀ ਗਈ ਤਾਂ ਜੋ ਬਿਜਲੀ ਦੀ ਬੱਚਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਬਿਜਲੀ ਖਪਤਕਾਰਾਂ ਨੂੰ ਘਰਾਂ ਵਿੱਚ ਹਲਕੇ ਰੰਗਾਂ ਦੇ ਪੈਂਟ, ਪਾਣੀ ਦੀ ਬੱਚਤ, ਐੱਲ. ਈ. ਡੀ. ਬੱਲਬ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਗਈ। ਪਾਵਰ ਕਾਰਪੋਰੇਸ਼ਨ ਦੇ ਇਕ ਬੁਲਾਰੇ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਕੋਲੇ ਦੀ ਕਮੀ ਨੂੰ ਦੇਖਦਿਆਂ ਬਿਜਲੀ ਦੀ ਬੱਚਤ ਕੀਤੀ ਜਾਵੇ, ਏ.ਸੀ., ਲਾਈਟਾਂ ਤੇ ਬਿਜਲੀ ਦੇ ਹੋਰ ਉਪਕਰਨ ਜਿਨ੍ਹਾਂ ਦੀ ਜਦੋਂ ਲੋੜ ਨਾ ਹੋਵੇ, ਸਵਿੱਚ ਆਫ਼ ਕਰਕੇ ਬਿਜਲੀ ਦੀ ਬੱਚਤ ਕੀਤੀ ਜਾਵੇ।


Mukesh

Content Editor

Related News