ਯੂਕ੍ਰੇਨ ’ਚ ਫਸੇ ਸ਼ੇਰਪੁਰ ਤੇ ਮਹਿਲ ਕਲਾਂ ਦੇ 7 ਕਈ ਵਿਦਿਆਰਥੀ, ਮਾਪੇ ਚਿੰਤਤ

Saturday, Feb 26, 2022 - 08:01 PM (IST)

ਮਹਿਲ ਕਲਾਂ/ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਵੱਖ-ਵੱਖ ਪਿੰਡਾਂ ਦੇ ਤਕਰੀਬਨ 7 ਵਿਦਿਆਰਥੀ ਯੂਕ੍ਰੇਨ ’ਚ ਉੱਚ ਵਿੱਦਿਆ ਹਾਸਲ ਕਰਨ ਲਈ ਗਏ ਹੋਏ ਹਨ ਤੇ ਜੰਗ ਲੱਗਣ ਕਾਰਨ ਉਥੇ ਫਸ ਗਏ। ਬੱਚਿਆਂ ਦੇ ਯੂਕ੍ਰੇਨ ’ਚ ਫਸਣ ਕਾਰਨ ਪਿੱਛੇ ਉਨ੍ਹਾਂ ਦੇ ਮਾਪੇ ਡੂੰਘੀ ਚਿੰਤਾ ’ਚ ਹਨ। ਮੁਹੰਮਦ ਸ਼ਕੀਲ ਦੇ ਪਿਤਾ ਡਾਕਟਰ ਕੇਸਰ ਖਾਨ ਵਾਸੀ ਮਹਿਲ ਕਲਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੁਹੰਮਦ ਸ਼ਕੀਲ 2017 ’ਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਨ ਲਈ ਯੂਕ੍ਰੇਨ ਗਿਆ ਸੀ। ਹੁਣ ਦੋਵਾਂ ਦੇਸ਼ਾਂ ਵਿਚਕਾਰ ਲੱਗੀ ਜੰਗ ਕਾਰਨ ਉਹ ਯੂਕ੍ਰੇਨ ’ਚ ਫਸ ਗਿਆ ਹੈ, ਜਿਸ ਕਰਕੇ ਉਹ ਬਹੁਤ ਚਿੰਤਾ ’ਚ ਹਨ। ਉਨ੍ਹਾਂ ਦੇ ਬੇਟੇ ਸ਼ਕੀਲ ਮੁਹੰਮਦ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਉਹ ਡਰ ਦੇ ਮਾਰੇ ਬੇਸਮੈਂਟ ’ਚ ਰਾਤਾਂ ਕੱਟਣ ਲਈ ਮਜਬੂਰ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਯੂਕ੍ਰੇਨ ’ਚ ਫਸੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਕਦੇ ਕਾਮੇਡੀਅਨ ਸਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਅੱਜ ਆਪਣੇ ਹੀ ਲੋਕਾਂ ਦੇ ਦੇਖਣੇ ਪੈ ਰਹੇ ਹੰਝੂ

PunjabKesari

ਇਸ ਮੌਕੇ ਜਰਨੈਲ ਸਿੰਘ ਵਾਸੀ ਗੰਗੋਹਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਰਮਜੀਤ ਕੌਰ ਤਕਰੀਬਨ ਢਾਈ ਸਾਲ ਪਹਿਲਾਂ ਉੱਚ ਸਿੱਖਿਆਂ ਹਾਸਲ ਕਰਨ ਲਈ ਯੂਕ੍ਰੇਨ ਗਈ ਸੀ। ਹੁਣ ਜਦੋਂ ਤੋਂ ਯੂਕ੍ਰੇਨ ਤੇ ਰੂਸ ਵਿਚਕਾਰ ਜੰਗ ਲੱਗਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਹਨ ਤਾਂ ਉਨ੍ਹਾਂ ਨੂੰ ਆਪਣੀ ਧੀ ਦਾ ਫਿਕਰ ਸਤਾਉਣ ਲੱਗਾ ਹੈ। ਉਨ੍ਹਾਂ ਦੀ ਬੇਟੀ ਕਰਮਜੀਤ ਕੌਰ ਤੇ ਉਸ ਦੀਆਂ ਹੋਰ ਸਾਥਣਾਂ ਨੇ ਫੋਨ ਕਾਲ ਰਾਹੀਂ ਸਾਨੂੰ ਦੱਸਿਆਂ ਕਿ ਜਦ ਯੂਕ੍ਰੇਨ ਉਪਰ ਰੂਸ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਬਹੁਤ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਸੀ ਅਤੇ ਹੁਣ ਲਗਾਤਾਰ ਹੋ ਰਹੇ ਹਮਲਿਆਂ ਨੇ ਉਨ੍ਹਾਂ ਲਈ ਪ੍ਰੇਸ਼ਾਨੀ ਵਧਾਈ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਤੋਂ ਯੂਕ੍ਰੇਨ ’ਚ ਫਸੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਏਸਰ ਪਟਿਆਲਾ, ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਏਸਰ ਪਟਿਆਲਾ, ਮਨਜਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਦੀਵਾਨਾ, ਸੰਦੀਪ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਭੋਤਨਾ ਦੇ ਵੀ ਯੂਕ੍ਰੇਨ ’ਚ ਫਸੇ ਹੋਣ ਸਬੰਧੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਏ : ਪ੍ਰਕਾਸ਼ ਸਿੰਘ ਬਾਦਲ

ਇਸੇ ਤਰ੍ਹਾਂ ਕਸਬਾ ਸ਼ੇਰਪੁਰ ਦਾ ਨੌਜਵਾਨ ਵੀ ਕੀਵ ’ਚ ਫਸਿਆ  
ਰੂਸ ਤੇ ਯੂਕ੍ਰੇਨ ਦੀ ਜੰਗ ਨਾਲ ਹੋ ਰਹੀ ਤਬਾਹੀ ਕਾਰਨ ਭਾਰਤ ਨਾਲ ਸਬੰਧਤ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਅਤੇ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਯੂਕ੍ਰੇਨ ’ਚ ਮੈਡੀਕਲ ਸਿੱਖਿਆ ਅਤੇ ਹੋਰ ਪੇਸ਼ਿਆਂ ਦੀ ਉੱਚ ਪੱਧਰੀ ਪੜ੍ਹਾਈ ਕਰਨ ਗਏ ਹੋਏ ਹਨ । ਸ਼ੇਰਪੁਰ ਨਾਲ ਸਬੰਧਤ ਭਾਰਤ ਭੂਸ਼ਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਨੁਰਾਗ ਸਿੰਗਲਾ ਯੂਕ੍ਰੇਨ ਵਿੱਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਹੈ, ਜਿਸ ਨੇ 2018 ਵਿਚ ਦਾਖਲਾ ਲਿਆ ਸੀ । ਭਾਰਤ ਸਰਕਾਰ ਨੇ ਉਥੇ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਵੇਂ ਵਿਸ਼ੇਸ਼ ਉਡਾਣਾਂ ਦਾ ਪ੍ਰੰਬਧ ਕੀਤਾ ਸੀ ਪਰ ਜੰਗ ਲੱਗਣ ਕਰ ਕੇ ਉਹ ਉਡਾਣਾਂ ਰੱਦ ਹੋ ਗਈਆਂ ਅਤੇ ਵਿਦਿਆਰਥੀ ਉਥੇ ਕੀਵ ’ਚ ਹੀ ਫਸ ਗਏ। 24 ਫਰਵਰੀ ਵਾਲੀ ਫਲਾਈਟ ’ਤੇ ਉਨ੍ਹਾਂ ਦੇ ਬੇਟੇ ਨੇ ਆਉਣਾ ਸੀ ਪਰ ਜਦੋਂ ਉਨ੍ਹਾਂ ਦਾ ਬੇਟਾ ਏਅਰਪੋਰਟ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਏਅਰਪੋਰਟ ਬੰਦ ਹੋ ਗਿਆ ਹੈ । ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਮਾਮਲੇ ’ਚ ਦਖ਼ਲ ਦੇ ਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਏ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜਲਦ ਤੋਂ ਜਲਦ ਕੋਈ ਪ੍ਰਬੰਧ ਕਰੇ।


Manoj

Content Editor

Related News