ਸਿਵਲ ਹਸਪਤਾਲ ਫਿਰੋਜ਼ਪੁਰ ''ਚੋਂ 7 ਕੋਰੋਨਾ ਪੀੜਤ ਗਰਭਵਤੀ ਬੀਬੀਆਂ ਠੀਕ ਹੋ ਕੇ ਪਰਤੀਆਂ ਘਰ
Saturday, Aug 01, 2020 - 09:36 PM (IST)
ਫਿਰੋਜ਼ਪੁਰ, (ਪਰਮਜੀਤ ਕੌਰ, ਕੁਮਾਰ, ਆਨੰਦ, ਭੁੱਲਰ, ਖੁੱਲਰ)– ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਫਿਰੋਜ਼ਪੁਰ ਡਾ. ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜਿੱਥੇ ਕੋਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਗਾਈਨੋਲੋਜਿਸਟ ਡਾ. ਪੂਜਾ ਅਤੇ ਡਾ. ਰਿਚਾ ਧਵਨ ਵੱਲੋਂ ਕੋਵਿਡ-19 ਮਹਾਮਾਰੀ ਦੇ ਦੌਰਾਨ ਕੋਰੋਨਾ ਮਹਾਮਾਰੀ ਤੋਂ ਪੀੜਤ ਗਰਭਵਤੀ ਔਰਤਾਂ ਦਾ ਇਲਾਜ ਪੂਰੀ ਸਾਂਭ-ਸੰਭਾਲ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਗਾਈਨੋਲੋਜਿਸਟ ਡਾ. ਪੂਜਾ ਅਤੇ ਡਾ. ਰਿਚਾ ਧਵਨ ਨੇ ਕੋਰੋਨਾ ਪਾਜ਼ੇਟਿਵ ਗਰਭਵਤੀ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਅਤੇ ਕੀਤੇ ਗਏ ਯੋਗ ਪ੍ਰਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਹੁਣ ਤੱਕ 14 ਕੋਵਿਡ ਪਾਜ਼ੇਟਿਵ ਗਰਭਵਤੀ ਔਰਤਾਂ ਆਈਆਂ ਹਨ, ਜਿਨਾਂ ’ਚੋਂ 7 ਗਰਭਵਤੀ ਔਰਤਾਂ ਨੂੰ ਠੀਕ ਕਰ ਕੇ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ 7 ਗਰਭਵਤੀ ਔਰਤਾਂ ’ਚੋਂ 5 ਗਰਭਵਤੀ ਔਰਤਾਂ ਜਣੇਪੇ ਦੇ ਨਜ਼ਦੀਕ ਹਨ ਅਤੇ ਇਨ੍ਹਾਂ ਦੀ ਸਹੂਲਤ ਲਈ ਆਈਸੋਲੇਟੇਡ ਸੁਵਿਧਾ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ, ਐਮਰਜੈਂਸੀ ਓਟੀ ਅਤੇ ਟਰੇਨਡ ਸਟਾਫ ਦੀ ਸੁਵਿਧਾ ਤਿਆਰ ਕੀਤੀ ਗਈ ਹੈ। ਜੇਕਰ ਕਿਸੇ ਮਰੀਜ਼ ਨੂੰ ਡਿਲੀਵਰੀ ਦੀ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਹ ਸਾਡੇ ਸਟਾਫ ਦੀ ਟਰੇਨਡ ਟੀਮ 24 ਘੰਟੇ ਲਈ ਤਿਆਰ-ਬਰ-ਤਿਆਰ ਹੈ ਅਤੇ ਸਬੰਧਤ ਮਰੀਜ਼ ਨੂੰ ਹਸਪਤਾਲ ’ਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੈਡੀਕਲ ਸਪੈਸ਼ਲਿਸਟ ਡਾ. ਗੁਰਮੇਜ ਰਾਮ ਗੋਰਾਇਆ ਨੇ ਦੱਸਿਆ ਕਿ ਸਾਡੇ ਕੋਲ ਹੁਣ ਤੱਕ 300 ਦੇ ਲਗਭਗ ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਦਾਖਲ ਹੋ ਚੁੱਕੇ ਹਨ, ਜਿਨਾਂ ’ਚੋਂ 100 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜ਼ਿਆਦਾਤਰ ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਨ੍ਹਾਂ ’ਚੋਂ 3-4 ਮਰੀਜ਼ਾਂ ਨੂੰ ਨਮੋਨੀਆ ਸੀ, ਉਨ੍ਹਾਂ ਦੀ ਆਕਸੀਜ਼ਨ ਸੈਚੂਲੇਸ਼ਨ ਘੱਟ ਰਹੀ ਸੀ, ਜਿਸਨੂੰ ਦੇਖਦਿਆਂ ਸਾਡੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਨੂੰ ਠੀਕ ਕਰ ਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਚੇਨ ਤੋੜਨ ਲਈ ਸਾਨੂੰ ਲਾਪ੍ਰਵਾਰੀ ਛੱਡ ਕੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਸਕਿੱਨ ਸਪੈਸ਼ਲਿਸਟ-ਕਮ-ਨੋਡਲ ਅਫਸਰ ਆਰ. ਆਰ. ਟੀ. ਡਾ. ਨਵੀਨ ਸੇਠੀ, ਡੈਂਟਲ ਸਪੈਸ਼ਲਿਸਟ ਡਾ. ਪੰਕਜ, ਚੈਸਟ ਸਪੈਸ਼ਲਿਸਟ ਡਾ. ਸਤਿੰਦਰ ਕੌਰ ਵੀ ਹਾਜ਼ਰ ਸਨ।