ਨਾਭਾ ਦੀਆਂ ਦੋ ਜੇਲ੍ਹਾਂ ’ਚੋਂ 7 ਮੋਬਾਇਲ ਤੇ 25 ਨਸ਼ੀਲੀਆਂ ਗੋਲੀਆਂ ਬਰਾਮਦ

Wednesday, Jun 09, 2021 - 04:53 PM (IST)

ਨਾਭਾ ਦੀਆਂ ਦੋ ਜੇਲ੍ਹਾਂ ’ਚੋਂ 7 ਮੋਬਾਇਲ ਤੇ 25 ਨਸ਼ੀਲੀਆਂ ਗੋਲੀਆਂ ਬਰਾਮਦ

ਨਾਭਾ (ਜੈਨ) : ਹਮੇਸ਼ਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਰੱਖਣ ਵਾਲੀਆਂ ਸਥਾਨਕ 2 ਜੇਲ੍ਹਾਂ ਵਿਚੋਂ 7 ਮੋਬਾਇਲ ਤੇ 25 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਸਵਾਲਾਂ ਦੇ ਘੇਰੇ ਵਿਚ ਹੈ। ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦੇ ਸੁਪਰੀਡੈਂਟ ਧਾਲੀਵਾਲ ਅਨੁਸਾਰ ਸਹਾਇਕ ਸੁਪਰੀਡੈਂਟ ਅਜਮੇਰ ਸਿੰਘ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਯੁਧਵੀਰ ਸਿੰਘ ਪੁੱਤਰ ਜੁਗਰਾਜ ਸਿੰਘ (ਹਵਾਲਾਤੀ) ਦੇ ਬਿਸਤਰ ਵਿਚੋਂ ਇਕ ਮੋਬਾਇਲ ਮਾਰਕਾ ਸੈਮਸੰਗ ਸਮੇਤ ਸਿਮ ਕਾਰਡ ਬਰਾਮਦ ਹੋਇਆ।

ਇਸ ਦੇ ਨਾਲ ਹੀ ਬੈਰਕ ਨੰਬਰ-16 ਦੇ ਬਾਥਰੂਮ ਦੀ ਕੰਧ ਵਿਚੋਂ ਖੱਡ ਬਣਾ ਕੇ ਰੱਖੇ ਗਏ ਤਿੰਨ ਮੋਬਾਇਲ ਮਾਰਕਾ ਸੈਮਸੰਗ ਬਿਨਾਂ ਸਿਮ ਕਾਰਡ ਅਤੇ ਬੈਰਕ ਨੰਬਰ-5 ਦੇ ਬਾਥਰੂਮ ਵਿਚ ਹੱਥ ਧੋਣ ਵਾਲੇ ਸ਼ੈਂਕ ਹੇਠੋਂ ਇਕ ਮੋਬਾਇਲ ਮਾਰਕਾ ਸੈਮਸੰਗ ਬਿਨਾਂ ਸਿਮ ਕਾਰਡ ਬਰਾਮਦ ਹੋਏ। ਇਸ ਸੰਬੰਧੀ ਹਵਾਲਾਤੀ ਯੁੱਧਵੀਰ ਸਿੰਘ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਇੰਝ ਹੀ ਨਾਭਾ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੇ ਕੈਦੀ ਉਮੇਸ਼ ਕਾਲੜਾ ਪੁੱਤਰ ਨਰਿੰਦਰਪਾਲ ਵਾਸੀ ਤਲਵਾੜਾ (ਹੈਬੋਬਾਲ) ਪਾਸੋਂ ਇਕ ਮੋਬਾਇਲ ਬਿਨਾਂ ਸਿਮ ਕਾਰਡ ਸਮੇਤ ਹੈੱਡਫੋਨ ਅਤੇ ਇਕ ਹੋਰ ਮੋਬਾਇਲ ਟੱਚ ਫੋਨ ਸਮੇਤ ਸਿਮ ਅਤੇ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਸਹਾਇਕ ਸੁਪਰੀਡੈਂਟ ਪ੍ਰਤੀਮਪਾਲ ਸਿੰਘ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਸ ਨੇ 52ਏ ਪ੍ਰੀਜ਼ਨ ਐਕਟ ਅਤੇ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲੇ ਦਰਜ ਕਰ ਲਏ ਹਨ। ਜ਼ਿਕਰਯੋਗ ਹੈ ਕਿ ਦੋਵਾਂ ਜੇਲ੍ਹਾਂ ਵਿਚੋਂ ਪਿਛਲੇ ਚਾਰ ਸਾਲਾਂ ਦੌਰਾਨ 500 ਤੋਂ ਵੱਧ ਮੋਬਾਇਲ ਬਰਾਮਦ ਹੋ ਚੁੱਕੇ ਹਨ ਪਰ ਅਜੇ ਤੱਕ ਇਹ ਨਹੀਂ ਸਮਝ ਆਇਆ ਕਿ ਤਿੰਨ ਵਾਰੀ ਚੈਕਿੰਗ ਹੋਣ ਤੋਂ ਬਾਅਦ ਜੇਲ੍ਹਾਂ ਦੀਆਂ ਬੈਰਕਾਂ ਵਿਚ ਮੋਬਾਇਲ ਤੇ ਨਸ਼ੀਲੇ ਪਦਾਰਥ ਕਿਵੇਂ ਪਹੁੰਚਦੇ ਹਨ। ਜੇਲ੍ਹ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿਚ ਲੈ ਕੇ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾਵੇਗੀ।


author

Babita

Content Editor

Related News