''695ਵੀਂ ਰਾਹਤ ਵੰਡ’ ਸੰਪੰਨ, ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ’ ਨੇ ਲੁਧਿਆਣਾ ਤੋਂ ਭਿਜਵਾਈ ਗਈ

Friday, Jan 27, 2023 - 04:13 PM (IST)

''695ਵੀਂ ਰਾਹਤ ਵੰਡ’ ਸੰਪੰਨ, ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ’ ਨੇ ਲੁਧਿਆਣਾ ਤੋਂ ਭਿਜਵਾਈ ਗਈ

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦਾ ਰਿਆਸੀ ਉਹ ਜ਼ਿਲ੍ਹਾ ਹੈ ਜੋ ਸੁੰਦਰਬਨੀ ਤੋਂ ਸ਼ੁਰੂ ਹੋ ਕੇ ਮੁਗਲ ਰੋਡ ਦੇ ਰਸਤੇ ਥੰਨਾ ਮੰਡੀ ਹੁੰਦੇ ਹੋਏ ਸ਼ੋਪੀਆਂ ਤਕ ਪਹੁੰਚਦਾ ਹੈ। ਸ਼ੋਪੀਆਂ ਨੂੰ ਅੱਤਵਾਦੀਆਂ ਦਾ ਸਭ ਤੋਂ ਵੱਡਾ ਗੜ੍ਹ ਮੰਨਿਆ ਜਾਂਦਾ ਹੈ। ਨਵੰਬਰ ਮਹੀਨਾ ਸ਼ੁਰੂ ਹੁੰਦੇ ਹੀ ਇਸ ਖੇਤਰ ’ਚ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਸ਼ੋਪੀਆਂ ਦੇ ਰਸਤੇ ਸ਼੍ਰੀਨਗਰ ਜਾਣ ਵਾਲੀ ਮੁਗਲ ਰੋਡ ਬੰਦ ਹੋ ਜਾਂਦੀ ਹੈ। ਜ਼ਿਲ੍ਹਾ ਰਿਆਸੀ ਦੇ ਇਕ ਪਾਸੇ ਅੱਤਵਾਦ ਪ੍ਰਭਾਵਿਤ ਤੇ ਬਰਫ਼ ਨਾਲ ਢਕਿਆ ਸ਼ੋਪੀਆਂ ਹੈ ਤਾਂ ਦੂਜੇ ਪਾਸੇ ਅੱਤਵਾਦ ਪ੍ਰਭਾਵਿਤ ਜ਼ਿਲ੍ਹਾ ਪੁੰਛ ਅਤੇ ਤੀਜੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ ਜਿੱਥੋਂ ਪਾਕਿਸਤਾਨ ਕਦੇ ਗੋਲੀਬਾਰੀ ਕਰਦਾ ਹੈ, ਕਦੇ ਘੁਸਪੈਠੀਏ ਭੇਜਦਾ ਹੈ ਤਾਂ ਕਦੇ ਡਰੋਨ ਰਾਹੀਂ ਹਥਿਆਰ ਤੇ ਡਰੱਗਜ਼ ਭੇਜਦਾ ਹੈ, ਜਿਸ ਕਾਰਨ ਖ਼ੇਤਰ ਦੇ ਲੋਕਾਂ ਦਾ ਹਾਲ ਬੇਹਾਲ ਰਹਿੰਦਾ ਹੈ।

ਇੱਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 695ਵੇਂ ਟਰੱਕ ਦਾ ਸਾਮਾਨ ਵੰਡਣ ਲਈ ਸੀ. ਆਰ. ਪੀ. ਐੱਫ. ਦੇ ਕਮਾਂਡੈਂਟ ਏ. ਕੇ. ਮੀਣਾ ਦੇ ਸਹਿਯੋਗ ਨਾਲ ਬਲਾਕ ਡਿਵੈਲਪਮੈਂਟ ਕਾਰਪੋਰੇਸ਼ਨ (ਬੀ. ਡੀ. ਸੀ.) ਚੇਅਰਮੈਨ ਅਰੁਣ ਸ਼ਰਮਾ ਦੀ ਪ੍ਰਧਾਨਗੀ ’ਚ ਸਮਾਗਮ ਦਾ ਆਯੋਜਨ ਪਿੰਡ ‘ਠੰਡਾ ਪਾਣੀ’ ’ਚ ਕੀਤਾ ਗਿਆ।ਇਸ ਮੌਕੇ 200 ਪਰਿਵਾਰਾਂ ਨੂੰ ਕੰਬਲ ਤੇ ਕੱਪੜੇ ਵੰਡੇ ਗਏ, ਜੋ ਕਿ ਲੁਧਿਆਣਾ ਤੋਂ ਪ੍ਰਧਾਨ ਅਨਿਲ ਭਾਰਤੀ ਦੀ ਅਗਵਾਈ ’ਚ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ (ਰਜਿ.) ਵੱਲੋਂ ਭਿਜਵਾਏ ਗਏ ਸਨ।

ਇਸ ਮੌਕੇ ਨਾਇਬ ਸਰਪੰਚ ਚੌਧਰੀ ਅਨਵਰ ਹੁਸੈਨ, ਪੰਚ ਰਵਿੰਦਰ ਸਿੰਘ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬਲਾਕ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਅਰੁਣ ਸ਼ਰਮਾ, ਕੈਪਟਨ ਪੁਰਸ਼ੋਤਮ ਸਿੰਘ, ਚੌਧਰੀ ਅਨਵਰ ਹੁਸੈਨ, ਜਸਵੀਰ ਸਿੰਘ, ਫਤਿਹ ਸਿੰਘ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ।


author

Shivani Bassan

Content Editor

Related News