ਮੋਦੀ ਦੀ ਜਲੰਧਰ ਰੈਲੀ ਸਬੰਧੀ PAP ਗਰਾਊਂਡ ’ਚ 60 ਫੁੱਟ ਲੰਬਾ ਮੰਚ ਤਿਆਰ, 25 ਹਜ਼ਾਰ ਤੋਂ ਵੱਧ ਲਾਈਆਂ ਕੁਰਸੀਆਂ

05/24/2024 6:02:43 AM

ਜਲੰਧਰ (ਗੁਲਸ਼ਨ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਸ਼ਾਮ ਨੂੰ 4 ਵਜੇ ਪੀ. ਏ. ਪੀ. ਗਰਾਊਂਡ ’ਚ ਹੋਣ ਵਾਲੀ ਫਤਿਹ ਰੈਲੀ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਗਰਾਊਂਡ ’ਚ ਇਕ 60 ਫੁੱਟ ਲੰਬਾ ਮੰਚ ਤਿਆਰ ਕੀਤਾ ਗਿਆ ਹੈ, ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 30 ਅਤਿ-ਵਿਸ਼ੇਸ਼ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਸਾਹਮਣੇ ਲੋਕਾਂ ਦੇ ਬੈਠਣ ਲਈ ਇਕ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ, ਜਿਸ ’ਚ 25 ਹਜ਼ਾਰ ਤੋਂ ਵੱਧ ਕੁਰਸੀਆਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉੱਚ ਕੁਆਲਿਟੀ ਦਾ ਸਾਊਂਡ ਸਿਸਟਮ ਵੀ ਲਾਇਆ ਗਿਆ ਹੈ। ਪੰਡਾਲ ’ਚ ਭਾਜਪਾ ਦੇ ਝੰਡੇ ਤੇ ਨਰਿੰਦਰ ਮੋਦੀ ਦੇ ਕੱਟ-ਆਊਟ ਵੀ ਲਾਏ ਗਏ ਹਨ, ਜੋ ਕਿ ਕਾਫ਼ੀ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਮਨੁੱਖਤਾ ਹੋਈ ਸ਼ਰਮਸਾਰ! ਜਠਾਣੀ ਨੇ ਦਰਾਣੀ ਦੇ ਬੱਚੇ ਨੂੰ ਦਿੱਤਾ ਜ਼ਹਿਰ, ਰੋਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਆਈ ਸਾਹਮਣੇ

ਵੀਰਵਾਰ ਸ਼ਾਮੀਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਜਲੰਧਰ ਲੋਕ ਸਭਾ ਹਲਕੇ ਦੇ ਇੰਚਾਰਜ ਤੇ ਸੂਬਾਈ ਮੀਤ ਪ੍ਰਧਾਨ ਕੇ. ਡੀ. ਭੰਡਾਰੀ, ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਵਿਧਾਇਕ ਸ਼ੀਤਲ ਅੰਗੁਰਾਲ, ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਰਾਜੇਸ਼ ਕਪੂਰ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਸੰਨੀ ਸ਼ਰਮਾ, ਅਜੈ ਚੋਪੜਾ, ਰਾਜੀਵ ਢੀਂਗਰਾ, ਭਗਵੰਤ ਪ੍ਰਭਾਕਰ ਸਮੇਤ ਕਈ ਆਗੂਆਂ ਨੇ ਰੈਲੀ ਵਾਲੇ ਸਥਾਨ ’ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਇਸ ਮੌਕੇ ਕੇ. ਡੀ. ਭੰਡਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਤਿਹ ਰੈਲੀ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਆਗੂ ਹਨ। ਪੰਜਾਬ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣਨ ਲਈ ਕਾਫ਼ੀ ਉਤਸੁਕ ਹਨ। ਰੈਲੀ ’ਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦਾ ਅੰਦਾਜ਼ਾ ਹੈ। ਰੈਲੀ ’ਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।

PunjabKesari

ਕੇਂਦਰੀ ਸੁਰੱਖਿਆ ਏਜੰਸੀਆਂ ਹੋਈਆਂ ਸਰਗਰਮ, ਸੁਰੱਖਿਆ ਦੇ ਵੱਡੇ ਬੰਦੋਬਸਤ
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਲਾ ਪ੍ਰਸ਼ਾਸਨ ਤੋਂ ਇਲਾਵਾ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਟੀਮਾਂ 2 ਦਿਨ ਪਹਿਲਾਂ ਹੀ ਜਲੰਧਰ ਪਹੁੰਚ ਗਈਆਂ ਸਨ। ਸੁਰੱਖਿਆ ਦੀ ਸਾਰੀ ਕਮਾਨ ਉਨ੍ਹਾਂ ਦੇ ਹੱਥਾਂ ’ਚ ਰਹੇਗੀ। ਪੰਡਾਲ ਤਿਆਰ ਹੋਣ ਤੋਂ ਬਾਅਦ ਬਿਨਾਂ ਡੂੰਘੀ ਜਾਂਚ ਦੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਪੰਡਾਲ ’ਚ ਪੱਖੇ, ਕੂਲਰ ਤੇ ਪੀਣ ਵਾਲੇ ਪਾਣੀ ਦਾ ਵੀ ਕੀਤਾ ਪ੍ਰਬੰਧ
ਗਰਮੀ ਦੇ ਮੌਸਮ ਨੂੰ ਦੇਖਦਿਆਂ ਪੰਡਾਲ ’ਚ ਪਾਣੀ ਵਾਲੇ ਪੱਖੇ, ਕੂਲਰ ਤੇ ਲਾਈਟਾਂ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਕਿਓਰਿਟੀ ਕਾਰਨ ਪੰਡਾਲ ’ਚ ਪਾਣੀ ਵਾਲੀ ਬੋਤਲ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਇਸ ਲਈ ਭਾਜਪਾ ਆਗੂਆਂ ਨੇ ਪਾਣੀ ਦੇ ਟੈਂਕਰਾਂ ਦਾ ਉਚਿਤ ਪ੍ਰਬੰਧ ਕੀਤਾ ਹੈ ਤਾਂ ਕਿ ਗਰਮੀ ਦੇ ਮੌਸਮ ’ਚ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।

PunjabKesari

ਜ਼ਿਲਾ ਜਲੰਧਰ ਦੀ ਹੱਦ ’ਚ ਸਿਵਲ ਰਿਮੋਟ/ਪਾਇਲਟ ਏਅਰਕ੍ਰਾਫਟ ਸਿਸਟਮ/ਡ੍ਰੋਨ/ਹੈਲੀਕਾਪਟਰ ਉਡਾਉਣ ’ਤੇ ਪਾਬੰਦੀ
ਦੂਜੇ ਪਾਸੇ ਐਡੀਸ਼ਨਲ ਜ਼ਿਲਾ ਮੈਜਿਸਟਰੇਟ ਜਲੰਧਰ ਡਾ. ਅਮਿਤ ਮਹਾਜਨ ਨੇ ਫੌਜਦਾਰੀ ਜ਼ਾਬਤਾ 1973 (1974 ਐਕਟ 2) ਦੀ ਧਾਰਾ 144 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਜਲੰਧਰ ਦੀ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸਿਵਲ ਰਿਮੋਟ/ਪਾਇਲਟ ਏਅਰਕ੍ਰਾਫਟ ਸਿਸਟਮ/ਡ੍ਰੋਨ/ਹੈਲੀਕਾਪਟਰ (ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵੀ. ਵੀ. ਆਈ. ਪੀ. ਹੈਲੀਕਾਪਟਰ/ਜਹਾਜ਼ ਤੋਂ ਇਲਾਵਾ) ਆਦਿ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਹੁਕਮ 24 ਮਈ ਦੁਪਹਿਰ 1 ਤੋਂ ਰਾਤ 9 ਵਜੇ ਤਕ ਲਾਗੂ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News