LED ਸਟਰੀਟ ਲਾਈਟਾਂ ’ਤੇ 60 ਕਰੋੜ ਖ਼ਰਚ ਹੋਏ ਪਰ ਤਿਉਹਾਰੀ ਸੀਜ਼ਨ ’ਚ ਵੀ ਅੱਧਾ ਸ਼ਹਿਰ ਹਨੇਰੇ ’ਚ ਡੁੱਬਿਆ

Sunday, Oct 08, 2023 - 11:29 AM (IST)

LED ਸਟਰੀਟ ਲਾਈਟਾਂ ’ਤੇ 60 ਕਰੋੜ ਖ਼ਰਚ ਹੋਏ ਪਰ ਤਿਉਹਾਰੀ ਸੀਜ਼ਨ ’ਚ ਵੀ ਅੱਧਾ ਸ਼ਹਿਰ ਹਨੇਰੇ ’ਚ ਡੁੱਬਿਆ

ਜਲੰਧਰ (ਖੁਰਾਣਾ)–ਸ਼ਹਿਰ ਦੀਆਂ ਪੁਰਾਣੀਆਂ ਸੋਡੀਅਮ ਸਟਰੀਟ ਲਾਈਟਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਨਵਾਂ ਐੱਲ. ਈ. ਡੀ. ਸਟਰੀਟ ਲਾਈਟ ਸਿਸਟਮ ਲਾਗੂ ਕਰਨ ਦੇ ਨਾਂ ’ਤੇ ਲਗਭਗ 60 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਜਲੰਧਰ ਸ਼ਹਿਰ ਦੇ ਸਟਰੀਟ ਲਾਈਟ ਸਿਸਟਮ ਵਿਚ ਕੋਈ ਸੁਧਾਰ ਨਹੀਂ ਆਇਆ ਹੈ ਅਤੇ ਅੱਜ ਵੀ ਤਿਉਹਾਰੀ ਸੀਜ਼ਨ ਦੇ ਬਾਵਜੂਦ ਅੱਧਾ ਸ਼ਹਿਰ ਹਨੇਰੇ ਵਿਚ ਡੁੱਬਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਤਹਿਤ ਪੁਰਾਣੀਆਂ ਲਾਈਟਾਂ ਨੂੰ ਬਦਲ ਤਾਂ ਦਿੱਤਾ ਗਿਆ ਪਰ ਇਸ ਕੰਮ ਦੀ ਨਿਗਰਾਨੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ ਅਤੇ ਕੰਪਨੀ ਨੇ ਵੀ ਬਹੁਤ ਘਟੀਆ ਢੰਗ ਨਾਲ ਸਿਰਫ਼ ਲਾਈਟਾਂ ਨੂੰ ਹੀ ਬਦਲਣ ਦਾ ਕੰਮ ਕੀਤਾ, ਜਿਸ ਕਾਰਨ ਕੋਈ ਵੀ ਸਿਆਸਤਦਾਨ ਇਸ ਪ੍ਰਾਜੈਕਟ ਤੋਂ ਖ਼ੁਸ਼ ਨਹੀਂ ਹੋਇਆ।

ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ

ਇਹ ਗੜਬੜੀਆਂ ਸਾਹਮਣੇ ਆਈਆਂ ਪਰ ਹੋਇਆ ਕੁਝ ਨਹੀਂ
-ਸਮਾਰਟ ਸਿਟੀ ਦਾ ਪ੍ਰਾਜੈਕਟ ਹੋਣ ਦੇ ਬਾਵਜੂਦ ਕੰਪਨੀ ਨੇ ਬਹੁਤ ਦੇਸੀ ਢੰਗ ਨਾਲ ਕੰਮ ਕੀਤਾ। ਕਈ ਜਗ੍ਹਾ ਕਲੰਪ ਤਕ ਨਹੀਂ ਲਾਏ ਗਏ।
-ਸਿਸਟਮ ਨੂੰ ਪੂਰੇ ਤਰੀਕੇ ਨਾਲ ‘ਅਰਥ’ ਹੀ ਨਹੀਂ ਕੀਤਾ ਗਿਆ, ਜਦੋਂ ਕਿ ਅਜਿਹਾ ਕਰਨਾ ਕੰਪਨੀ ਦੇ ਕਾਂਟਰੈਕਟ ਵਿਚ ਸ਼ਾਮਲ ਸੀ।
-30 ਹਜ਼ਾਰ ਦੇ ਲਗਭਗ ਜ਼ਿਆਦਾ ਲਾਈਟਾਂ ਲਾ ਦਿੱਤੀਆਂ ਗਈਆਂ ਪਰ ਉਨ੍ਹਾਂ ਦੀ ਮਨਜ਼ੂਰੀ ਚੰਡੀਗੜ੍ਹ ਬੈਠੀ ਸਟੇਟ ਲੈਵਲ ਕਮੇਟੀ ਤੋਂ ਨਹੀਂ ਲਈ ਗਈ।
-ਪੁਰਾਣੀਆਂ ਲਾਈਟਾਂ ਨੂੰ ਅਜਿਹੇ ਠੇਕੇਦਾਰ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਕੋਲ ਟੈਂਡਰ ਹੀ ਨਹੀਂ ਸੀ।
-ਸਮਾਰਟ ਸਿਟੀ ਨੇ ਕੰਪਨੀ ਨੂੰ ਫਾਲਤੂ ਪੇਮੈਂਟ ਕਰ ਦਿੱਤੀ, ਜਿਸ ਨੂੰ ਕਾਫੀ ਬਾਅਦ ਵਿਚ ਵਸੂਲਿਆ ਗਿਆ।
-ਪਿੰਡਾਂ ਵਿਚ ਘੱਟ ਵਾਟ ਦੀਆਂ ਲਾਈਟਾਂ ਲਾ ਕੇ ਟੈਂਡਰ ਦੀਆਂ ਸ਼ਰਤਾਂ ਦਾ ਖੁੱਲ੍ਹਮ-ਖੁੱਲ੍ਹਾ ਉਲੰਘਣ ਕੀਤਾ ਗਿਆ।

ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਨੇ ਚੁੱਕਿਆ ਅਹਿਮ ਕਦਮ

ਮੇਨਟੀਨੈਂਸ ਨੂੰ ਲੈ ਕੇ ਫਸਿਆ ਹੀ ਰਹਿੰਦੈ ਪੇਚ
ਦਿੱਲੀ ਦੀ ਐੱਚ. ਪੀ. ਐੱਲ. ਕੰਪਨੀ ਆਪਣੇ ਉਨ੍ਹਾਂ 50 ਤੋਂ ਵੱਧ ਕਰਮਚਾਰੀਆਂ ਨੂੰ ਕਈ-ਕਈ ਮਹੀਨੇ ਤਨਖਾਹ ਹੀ ਨਹੀਂ ਦਿੰਦੀ, ਜਿਹੜੇ ਫੀਲਡ ਵਿਚ ਜਾ ਕੇ ਲਾਈਟਾਂ ਨੂੰ ਜਗਾਉਣ-ਬੁਝਾਉਣ ਜਾਂ ਠੀਕ ਆਦਿ ਕਰਨ ਦਾ ਕੰਮ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਸਮਾਰਟ ਸਿਟੀ ਤੋਂ ਉਸ ਨੂੰ ਮੇਨਟੀਨੈਂਸ ਸਬੰਧੀ ਕੰਮ ਦੀ ਪੇਮੈਂਟ ਨਹੀਂ ਮਿਲਦੀ। ਕੰਪਨੀ ਅਤੇ ਸਮਾਰਟ ਸਿਟੀ ਵਿਚ ਚੱਲ ਰਹੀ ਇਸ ਖਿੱਚੋਤਾਣ ਕਾਰਨ ਸ਼ਹਿਰ ਹਨੇਰੇ ਵਿਚ ਡੁੱਬਿਆ ਹੀ ਰਹਿੰਦਾ ਹੈ ਅਤੇ ਸ਼ਿਕਾਇਤਾਂ ਦਾ ਵੀ ਕੋਈ ਹੱਲ ਨਹੀਂ ਹੁੰਦਾ।

ਵਿਜੀਲੈਂਸ ਕੋਲ ਮਾਮਲਾ ਪਹੁੰਚਿਆਂ ਸਾਲ ਹੋਣ ਨੂੰ ਹੈ
ਐੱਲ. ਈ. ਡੀ. ਸਟਰੀਟ ਲਾਈਟਾਂ ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਹੈ। ਕਾਂਗਰਸ ਸਰਕਾਰ ਦੇ ਸਮੇਂ ਉਸ ਸਮੇਂ ਦੇ ਇਕ ਕਾਂਗਰਸੀ ਵਿਧਾਇਕ ਨੂੰ ਛੱਡ ਕੇ ਬਾਕੀ ਤਿੰਨ ਵਿਧਾਇਕਾਂ, ਮੇਅਰ ਅਤੇ ਬਾਕੀ ਕੌਂਸਲਰਾਂ ਨੂੰ ਵੀ ਇਹ ਪ੍ਰਾਜੈਕਟ ਜਾਂ ਕੰਪਨੀ ਦਾ ਕੰਮਕਾਜ ਪਸੰਦ ਨਹੀਂ ਆਇਆ। ਉਸ ਦੌਰਾਨ ਨਿਗਮ ਦੇ ਪੂਰੇ ਕੌਂਸਲਰ ਹਾਊਸ ਨੇ ਇਸ ਪ੍ਰਾਜੈਕਟ ਦੀ ਆਲੋਚਨਾ ਕਰ ਕੇ ਇਸਦੀ ਵਿਜੀਲੈਂਸ ਤੋਂ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਪੰਜਾਬ ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸ ਨੇ ਇਸ ਪ੍ਰਾਜੈਕਟ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ। ਲਗਭਗ ਇਕ ਸਾਲ ਬੀਤ ਜਾਣ ਦੇ ਬਾਵਜੂਦ ਵਿਜੀਲੈਂਸ ਨੇ ਅਜੇ ਤਕ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਪੁੱਤ, ਕਰੀਬ 6 ਮਹੀਨੇ ਪਹਿਲਾਂ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ

ਤਿਉਹਾਰੀ ਸੀਜ਼ਨ ’ਚ ਲੱਗ ਰਹੇ ਹਨ ਬਿਜਲੀ ਦੇ ਕੱਟ, ਦੁਕਾਨਦਾਰ ਪ੍ਰੇਸ਼ਾਨ
ਨਵਰਾਤਰਿਆਂ, ਦੁਸਹਿਰਾ ਅਤੇ ਦੀਵਾਲੀ ਵਿਚ ਕੁਝ ਹੀ ਦਿਨ ਬਾਕੀ ਬਚੇ ਹਨ। ਅਜਿਹੇ ਵਿਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਖਰੀਦਦਾਰੀ ਕਰਨ ਲਈ ਪੁਰਾਣੇ ਬਾਜ਼ਾਰਾਂ ਵਿਚ ਨਿਕਲ ਰਹੇ ਹਨ। ਕਾਂਗਰਸ ਦੇ ਕੌਂਸਲਰ ਸ਼ੈਰੀ ਚੱਢਾ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਬਾਜ਼ਾਰਾਂ ਵਿਚ ਚਹਿਲ-ਪਹਿਲ ਹੋਣੀ ਚਾਹੀਦੀ ਹੈ ਪਰ ਬਿਜਲੀ ਬੋਰਡ ਵੱਲੋਂ ਹਰ ਰੋਜ਼ ਸਵੇਰ ਦੇ ਸਮੇਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ, ਜਿਹੜੀ ਸ਼ਾਮ ਨੂੰ ਆਉਂਦੀ ਹੈ। ਅਜਿਹੇ ਵਿਚ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਗਾਹਕ ਬਾਜ਼ਾਰਾਂ ਵੱਲ ਆਉਂਦਾ ਹੀ ਨਹੀਂ। ਚੱਢਾ ਨੇ ਕਿਹਾ ਕਿ ਕੱਪੜੇ ਦੇ ਕਾਰੋਬਾਰ ਵਿਚ ਲਾਈਟਾਂ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ ਪਰ ਬਿਜਲੀ ਦੇ ਕੱਟ ਲੱਗਣ ਕਾਰਨ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ। ਬਿਜਲੀ ਬੋਰਡ ਨੂੰ ਚਾਹੀਦਾ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਵਿਚ ਕੱਟ ਲਾਉਣੇ ਬੰਦ ਕਰੇ। ਉਨ੍ਹਾਂ ਕਿਹਾ ਕਿ ਅੰਦਰੂਨੀ ਬਾਜ਼ਾਰਾਂ ਵਿਚ ਅੱਜਕਲ ਈ-ਰਿਕਸ਼ਾ ਕਾਫ਼ੀ ਆ-ਜਾ ਰਹੇ ਹਨ। ਇਸ ਮਾਮਲੇ ਵਿਚ ਟਰੈਫਿਕ ਪੁਲਸ ਕੁਝ ਨਹੀਂ ਕਰ ਰਹੀ। ਇਸ ਕਾਰਨ ਬਾਜ਼ਾਰਾਂ ਵਿਚ ਬਿਨਾਂ ਮਤਲਬ ਦੇ ਭੀੜ ਰਹਿੰਦੀ ਹੈ ਅਤੇ ਦੁਕਾਨਦਾਰਾਂ ਦਾ ਸੀਜ਼ਨ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਪੁਰਤਗਾਲ 'ਚ ਲਾਪਤਾ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News