ਕਤਲ ਮਾਮਲੇ ''ਚ 8 ਮੁਲਜ਼ਮਾਂ ''ਚੋਂ 6 ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Saturday, Jun 12, 2021 - 04:24 PM (IST)
ਰਾਜਪੁਰਾ (ਮਸਤਾਨਾ) : ਬੀਤੇ ਦਿਨ ਰੰਜਿਸ਼ ਤਹਿਤ ਪਿੰਡ ਥੂਹਾ ਵਿਖੇ 8 ਦੇ ਲਗਭਗ ਵਿਅਕਤੀਆਂ ਨੇ ਮਿਲ ਕੇ ਪਿਓ-ਪੁੱਤਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਜ਼ਖਮੀ ਹੋ ਗਿਆ। ਪੁਲਸ ਨੇ ਜ਼ਖਮੀ ਪੁੱਤਰ ਦੀ ਸ਼ਿਕਾਇਤ ’ਤੇ 8 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ 6 ਵਿਅਕਤੀਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਥੂਹਾ ਵਾਸੀ ਕੁਲਬੀਰ ਸਿੰਘ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਰੰਜਿਸ਼ ਤਹਿਤ ਪਿੰਡ ਦੇ ਜਗਤਾਰ ਸਿੰਘ, ਬਲਕਾਰ ਸਿੰਘ, ਜੁਝਾਰ ਸਿੰਘ, ਅੰਗਰੇਜ ਸਿੰਘ, ਸਿਮਰਨਪ੍ਰੀਤ, ਘਣਦੀਪ ਸਿੰਘ, ਕਰਮਜੀਤ ਸਿੰਘ, ਅਮਰਜੀਤ ਸਿੰਘ ਨੇ ਮੇਰੇ ਪਿਤਾ ਰਮੇਸ਼ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਮੈਂ ਆਪਣੇ ਪਿਤਾ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ, ਜਿਸ ਕਾਰਨ ਅਸੀਂ ਦੋਵੇਂ ਜ਼ਖਮੀ ਹੋ ਗਏ। ਸਾਨੂੰ ਦੋਵਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਮੇਰੇ 60 ਸਾਲਾ ਪਿਤਾ ਰਮੇਸ਼ ਸਿੰਘ ਦੀ ਮੌਤ ਹੋ ਗਈ।
ਪੁਲਸ ਨੇ ਕੁਲਬੀਰ ਸਿੰਘ ਦੀ ਸ਼ਿਕਾਇਤ ’ਤੇ ਉਕਤ 8 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਫਿਰ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਅਤੇ ਥਾਣਾ ਸ਼ੰਭੂ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ 8 ’ਚੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ’ਚ ਜਗਤਾਰ ਸਿੰਘ, ਬਲਕਾਰ ਸਿੰਘ, ਜੁਝਾਰ ਸਿੰਘ, ਸਿਮਰਨਪ੍ਰੀਤ ਸਿੰਘ ਸਣੇ ਇਕ ਜਨਾਨੀ ਵੀ ਸ਼ਾਮਲ ਹੈ। ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਸਾਹਿਬ ਨੇ ਉਨ੍ਹਾਂ ਨੂੰ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।