ਹੋਮਵਰਕ ਨਾ ਕਰਨ ''ਤੇ 5ਵੀਂ ਕਲਾਸ ਦੇ ਵਿਦਿਆਰਥੀ ਦਾ ਅਧਿਆਪਕ ਵੱਲੋਂ ਕੁਟਾਪਾ, ਹੋਇਆ ਗੁੰਮਸੁੰਮ
Saturday, Aug 19, 2017 - 05:13 AM (IST)
ਬੁਢਲਾਡਾ,(ਬਾਂਸਲ)- ਅਧਿਆਪਕ ਵੱਲੋਂ 5ਵੀਂ ਕਲਾਸ 'ਚ ਪੜ੍ਹਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਣ ਕਾਰਨ ਬੱਚੇ ਦੇ ਗੁੰਮਸੁੰਮ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕ ਪਿੰਡ ਬੱਛੂਆਣਾ ਦੇ ਇਕ ਸਕੂਲ ਦੀ ਅਧਿਆਪਕ ਨੇ 5ਵੀਂ ਕਲਾਸ 'ਚ ਪੜ੍ਹਦੇ ਵਿਦਿਆਰਥੀ ਜਗਸੀਰ ਸਿੰਘ (9) ਪੁੱਤਰ ਮੱਖਣ ਸਿੰਘ ਨੂੰ ਹੋਮਵਰਕ ਨਾ ਕਰਨ ਕਾਰਨ ਬੇਰਹਿਮੀ ਨਾਲ ਕੁੱਟ ਸੁੱਟਿਆ। ਵਿਦਿਆਰਥੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਬੱਚੇ ਦੇ ਸਰੀਰ ਦੇ ਕਈ ਅੰਗਾਂ 'ਤੇ ਨਿਸ਼ਾਨ ਪੈ ਗਏ ਅਤੇ ਬੱਚਾ ਗੁੰਮਸੁੰਮ ਹੋ ਗਿਆ।
ਇਸ ਸਬੰਧੀ ਜਦੋਂ ਵਿਦਿਆਰਥੀ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪਿੰਡ ਦੀ ਪੰਚਾਇਤ ਕੋਲ ਕੀਤੀ। ਪੰਚਾਇਤ ਦੀ ਹਾਜ਼ਰੀ 'ਚ ਅਧਿਆਪਕ ਨੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਮਾਮੂਲੀ ਝਿੜਕਿਆ ਸੀ ਪਰ ਪਿੰਡ ਦੇ ਲੋਕਾਂ 'ਚ ਇਸ ਘਟਨਾ ਪ੍ਰਤੀ ਰੋਸ ਸੀ। ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੜਤਾਲ ਕਰ ਰਹੇ ਹਨ।
