500 ਮਰੀਜ਼ਾਂ ਦੀ ਓ. ਪੀ. ਡੀ.; ਇਲਾਜ ਲਈ ਸਿਰਫ ਇਕ ਐੱਮ. ਡੀ. ਮੈਡੀਸਨ

Saturday, Sep 09, 2017 - 02:17 AM (IST)

ਹੁਸ਼ਿਆਰਪੁਰ, (ਘੁੰਮਣ)- ਜ਼ਿਲੇ 'ਚ ਜਦੋਂ ਡੇਂਗੂ ਤੇ ਸਵਾਈਨ ਫਲੂ ਪੂਰੀ ਤਰ੍ਹਾਂ ਪੈਰ ਪਸਾਰ ਚੁੱਕੇ ਹਨ, ਅਜਿਹੇ ਹਾਲਾਤ 'ਚ ਆਮ ਆਦਮੀ ਇਲਾਜ ਲਈ ਸਭ ਤੋਂ ਪਹਿਲਾਂ ਸਿਵਲ ਹਸਪਤਾਲ 'ਚ ਹੀ ਦਸਤਕ ਦਿੰਦਾ ਹੈ। ਡੇਂਗੂ ਤੇ ਸਵਾਈਨ ਫਲੂ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਐੱਮ. ਡੀ. ਮੈਡੀਸਨ ਵਿਸ਼ੇਸ਼ ਡਾਕਟਰਾਂ ਦੀ ਜ਼ਰੂਰਤ ਹੁੰਦੀ ਹੈ ਪਰ ਹਾਲਾਤ ਇਹ ਹਨ ਕਿ ਜ਼ਿਲਾ ਹੈੱਡਕੁਆਰਟਰ 'ਤੇ ਸਥਿਤ ਸਿਵਲ ਹਸਪਤਾਲ 'ਚ ਸਿਰਫ ਇਕ ਹੀ ਐੱਮ. ਡੀ. ਮੈਡੀਸਨ ਡਾਕਟਰ ਤਾਇਨਾਤ ਹੈ, ਜਦਕਿ ਰੋਜ਼ਾਨਾ 400 ਤੋਂ 500 ਤੱਕ ਮਰੀਜ਼ ਇਲਾਜ ਲਈ ਇਥੇ ਆਉਂਦੇ ਹਨ। 
ਸਵਾਈਨ ਫਲੂ ਨਾਲ ਹੋ ਚੁੱਕੀਆਂ ਨੇ 2 ਮੌਤਾਂ- ਜ਼ਿਲੇ 'ਚ ਸਵਾਈਨ ਫਲੂ ਦੇ ਮਰੀਜ਼ਾਂ ਦਾ ਅੰਕੜਾ 12 ਤੱਕ ਪਹੁੰਚ ਚੁੱਕਾ ਹੈ ਅਤੇ ਜੁਲਾਈ ਤੇ ਅਗਸਤ ਮਹੀਨੇ ਵਿਚ 2 ਮਰੀਜ਼ ਇਸ ਬੀਮਾਰੀ ਕਾਰਨ ਮੌਤ ਦਾ ਗ੍ਰਾਸ 
ਵੀ ਬਣ ਚੁੱਕੇ ਹਨ। 
ਕੀ ਕਹਿੰਦੇ ਹਨ ਮੈਡੀਸਨ ਸਪੈਸ਼ਲਿਸਟ- ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾ. ਸਰਬਜੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਮਰੀਜ਼ਾਂ ਨੂੰ ਦੇਖਣ ਲਈ ਵਾਰ-ਵਾਰ ਐਮਰਜੈਂਸੀ ਵਾਰਡ ਤੇ ਡਾਇਲਸਿਸ ਯੂਨਿਟ ਵਿਚ ਜਾਣਾ ਪੈਂਦਾ ਹੈ। ਸਿਵਲ ਹਸਪਤਾਲ ਦੀ ਇਕ ਹੋਰ ਮੈਡੀਸਨ ਸਪੈਸ਼ਲਿਸਟ ਮਹਿਲਾ ਡਾਕਟਰ ਅੱਜਕਲ ਟ੍ਰੇਨਿੰਗ 'ਤੇ ਗਈ ਹੋਈ ਹੈ। ਸਿੱਟੇ ਵਜੋਂ ਕੰਮ ਦਾ ਸਾਰਾ ਬੋਝ ਉਨ੍ਹਾਂ 'ਤੇ ਹੀ ਹੈ।
53 ਡੇਂਗੂ ਦੇ ਮਰੀਜ਼ਾਂ ਦੀ ਹੋਈ ਪਛਾਣ- ਜ਼ਿਲੇ 'ਚ ਹੁਣ ਤੱਕ 53 ਡੇਂਗੂ ਦੇ ਮਰੀਜ਼ਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿਚੋਂ 30 ਮਰੀਜ਼ ਸ਼ਹਿਰੀ ਇਲਾਕਿਆਂ ਤੇ 23 ਵੱਖ-ਵੱਖ ਬਲਾਕਾਂ ਤੋਂ ਪੇਂਡੂ ਇਲਾਕਿਆਂ ਨਾਲ ਸੰਬੰਧਿਤ ਹਨ। 
ਸਟਾਫ ਨੂੰ ਦਿੱਤਾ ਜਾ ਰਿਹੈ ਸਵਾਈਨ ਫਲੂ ਵੈਕਸੀਨੇਸ਼ਨ- ਸਿਵਲ ਹਸਪਤਾਲ 'ਚ ਜ਼ਿਲਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਕੁਮਾਰ ਤੇ ਡਾ. ਮਨੋਹਰ ਲਾਲ ਨੇ ਦੱਸਿਆ ਕਿ ਸਵਾਈਨ ਫਲੂ ਤੇ ਡੇਂਗੂ ਦੇ ਇਲਾਜ ਲਈ ਸਾਰੀਆਂ ਦਵਾਈਆਂ ਤੇ ਸਾਜ਼ੋ-ਸਾਮਾਨ ਮੁਹੱਈਆ ਹੈ ਅਤੇ ਮਰੀਜ਼ਾਂ ਲਈ ਵੱਖਰੇ ਤੌਰ 'ਤੇ ਆਈਸੋਲੇਸ਼ਨ ਵਾਰਡ ਵੀ ਤਿਆਰ ਕੀਤੇ ਗਏ ਹਨ। ਅਹਿਤਿਆਤ ਵਜੋਂ ਹਸਪਤਾਲ ਦੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਨੂੰ ਵੀ ਸਵਾਈਨ ਫਲੂ ਦੇ ਵੈਕਸੀਨੇਸ਼ਨ ਦਿੱਤੇ ਜਾ ਰਹੇ ਹਨ।


Related News