ਗੈਸ ਸਿਲੰਡਰ ਦੀ ਡਿਲੀਵਰੀ ਕਰਨ ਆਇਆ ਨੌਜਵਾਨ ਕੁੱਟਮਾਰ ਮਗਰੋਂ ਗਿਆ ਕੋਮਾ ''ਚ, ਇਲਾਜ ਦੌਰਾਨ ਤੋੜਿਆ ਦਮ
Sunday, Oct 06, 2024 - 04:59 AM (IST)
ਲੁਧਿਆਣਾ (ਰਾਜ)- ਈ.ਡਬਲਯੂ.ਐੱਸ. ਕਾਲੋਨੀ ’ਚ ਗੈਸ ਸਿਲੰਡਰ ਡਿਲੀਵਰ ਕਰਨ ਆਏ ਉਮੇਸ਼ ਨਾਲ ਕੁਝ ਲੋਕਾਂ ਨੇ ਕੁੱਟ-ਮਾਰ ਕੀਤੀ, ਜੋ ਕੋਮਾ ’ਚ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਹੁਣ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮੁਲਜ਼ਮਾਂ ਖਿਲਾਫ਼ ਕਤਲ ਦੀ ਧਾਰਾ ਜੋੜ ਦਿੱਤੀ ਹੈ।
ਜਦੋਂਕਿ ਪੀੜਤ ਪਰਿਵਾਰ ਨੇ ਥਾਣੇ ਦਾ ਘਿਰਾਓ ਕੀਤਾ ਅਤੇ ਪੁਲਸ ਖਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਸ ਮੁਲਜ਼ਮਾਂ ਨੂੰ ਫੜ ਨਹੀਂ ਰਹੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਮੁਲਜ਼ਮਾਂ ਨੂੰ ਫੜ ਲੈਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਉਧਰ, ਮੁਲਜ਼ਮਾਂ ਵੱਲੋਂ ਉਮੇਸ਼ ਦੀ ਕੁੱਟ-ਮਾਰ ਕਰਨ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜੋ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਜਾਣਕਾਰੀ ਅਨੁਸਾਰ ਉਮੇਸ਼ ਚੌਧਰੀ ਅਵਤਾਰ ਗੈਸ ਏਜੰਸੀ ’ਚ ਬਤੌਰ ਡਲਿਵਰੀਮੈਨ ਕੰਮ ਕਰਦਾ ਸੀ। 2 ਅਕਤੂਬਰ ਨੂੰ ਉਹ ਈ.ਡਬਲਯੂ.ਐੱਸ. ਕਾਲੋਨੀ ’ਚ ਸਿਲੰਡਰ ਡਲਿਵਰੀ ਕਰਨ ਗਿਆ ਸੀ। ਉਸ ਦੀ ਮੁਲਜ਼ਮਾਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਮੇਸ਼ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਡੰਡਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਤੇ ਉਸ ਦਾ ਆਟੋ ਪੂਰੀ ਤਰ੍ਹਾਂ ਤੋੜ ਦਿੱਤਾ। ਬਚਾਅ ਕਰਨ ਆਏ ਅਵਤਾਰ ਗੈਸ ਏਜੰਸੀ ਦੇ ਮੈਨੇਜਰ ਸ਼ਮਸ਼ੇਰ ਅੰਸਾਰੀ ਦੇ ਨਾਲ ਵੀ ਕੁੱਟ-ਮਾਰ ਕੀਤੀ ਗਈ ਤੇ ਫਿਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਕਿਸੇ ਤਰ੍ਹਾਂ ਨਾਲ ਜ਼ਖਮੀ ਉਮੇਸ਼ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਉਮੇਸ਼ ਦੇ ਸਿਰ ’ਤੇ ਸੱਟ ਲੱਗਣ ਨਾਲ ਉਹ ਕੋਮਾ ’ਚ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਉੱਧਰ, ਐੱਸ.ਐੱਚ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਨਸੀਮ ਅੰਸਾਰੀ, ਅਫਤਾਬ ਅੰਸਾਰੀ, ਕਸਮੂਦੀਨ ਅੰਸਾਰੀ, ਮਹਿੰਦਰ, ਬਿੱਟੂ ਅਤੇ 5 ਹੋਰਾਂ ਖਿਲਾਫ਼ ਕੁੱਟ-ਮਾਰ ਦਾ ਕੇਸ ਦਰਜ ਕੀਤਾ ਗਿਆ ਸੀ, ਜਦੋਂਕਿ ਹੁਣ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ। ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਘਟਨਾ ਤੋਂ ਬਾਅਦ ਡਲਿਵਰੀ ਮੈਨਜ਼ ’ਚ ਦਹਿਸ਼ਤ ਦਾ ਮਾਹੌਲ
ਅਵਤਾਰ ਗੈਸ ਏਜੰਸੀ ਦੇ ਮੁਖੀ ਗੌਰਵ ਹਾਂਡਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਲਾਕੇ ’ਚ ਗੈਸ ਸਿਲੰਡਰ ਸਪਲਾਈ ਕਰ ਰਹੇ ਡਲਿਵਰੀ ਮੈਨ ਉਮੇਸ਼ ਕੁਮਾਰ ’ਤੇ ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਵੀਡੀਓ ਦਿਨ ਭਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੁੰਦੀ ਰਹੀ। ਅਜਿਹੇ ’ਚ ਅੰਦਰੂਨੀ ਸੱਟਾਂ ਲੱਗਣ ਕਾਰਨ ਉਮੇਸ਼ ਕੋਮਾ ’ਚ ਚਲਾ ਗਿਆ, ਜੋ ਪਿਛਲੇ ਤਿੰਨ-ਚਾਰ ਦਿਨਾਂ ਤੋਂ ਹਸਪਤਾਲ ’ਚ ਭਰਤੀ ਸੀ ਪਰ ਦੇਰ ਰਾਤ ਨੂੰ ਉਸ ਦੀ ਮੌਤ ਹੋ ਗਈ।
ਗੌਰਵ ਹਾਂਡਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਲਾਕੇ ’ਚ ਦਿਨ-ਦਿਹਾੜੇ ਗੁੰਡਾਗਰਦੀ ਕਰਦੇ ਜਾਨਲੇਵਾ ਹਮਲਾ ਕਰਨ ਦੇ ਨਾਲ ਹੀ ਗੈਸ ਸਿਲੰਡਰਾਂ ਨਾਲ ਭਰੇ ਆਟੋ ਰਿਕਸ਼ਾ ਦੀ ਵੀ ਭੰਨ ਤੋੜ ਕੀਤੀ ਗਈ, ਜਿਸ ਕਾਰਨ ਗੈਸ ਏਜੰਸੀ ’ਤੇ ਕੰਮ ਕਰਨ ਵਾਲੇ ਬਾਕੀ ਡਲਿਵਰੀ ਮੈਨਜ਼ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਈ.ਡਬਲਯੂ.ਐੱਸ. ਇਲਾਕੇ ’ਚ ਪੈਂਦੇ ਘਰਾਂ ’ਚ ਗੈਸ ਸਿਲੰਡਰਾਂ ਦੀ ਡਲਿਵਰੀ ਕਰਨ ਤੋਂ ਡਰ ਰਹੇ ਹਨ।
ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਕਿ ਫਰਾਰ ਚੱਲ ਰਹੇ ਮੁਲਜ਼ਮਾਂ ਨੂੰ ਵੀ ਜਲਦ ਫੜ ਕੇ ਸਲਾਖਾਂ ਪਿੱਛੇ ਧੱਕਿਆ ਜਾਵੇ ਤਾਂਕਿ ਸ਼ਹਿਰ ’ਚ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਰਹੇ। ਉਧਰ, ਮਾਮਲੇ ਸਬੰਧੀ ਥਾਣਾ ਪੁਲਸ ਨੇ ਮੁਲਜ਼ਮਾਂ ਦੀ ਧਰਪਕੜ ਲਈ ਛਾਪੇਮਾਰੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ’ਚ ਮੁਲਜ਼ਮਾਂ ਖਿਲਾਫ ਪਹਿਲਾਂ ਤੋਂ ਦਰਜ ਕੀਤੇ ਕੇਸਾਂ ’ਚ ਵਾਧਾ ਕਰਦੇ ਹੋਏ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਾਮਜ਼ਦਗੀਆਂ ਦਾ ਦੌਰ ਹੋਇਆ ਖ਼ਤਮ, ਜਾਣੋ ਪੰਚਾਇਤੀ ਚੋਣਾਂ 'ਚ ਕਿੰਨੇ ਉਮੀਦਵਾਰ ਅਜ਼ਮਾਉਣਗੇ ਆਪਣੀ ਕਿਸਮਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e