ਇਨ੍ਹਾਂ ਜ਼ਰੂਰੀ ਹਦਾਇਤਾਂ ਨਾਲ 50 ਰੂਟਾਂ 'ਤੇ ਚੱਲਣਗੀਆਂ ਬੱਸਾਂ
Saturday, Mar 21, 2020 - 01:06 AM (IST)
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਕ ਹੀ ਦਿਨ 'ਚ ਬੱਸਾਂ ਦੀ ਆਵਾਜਾਈ ਦਾ ਇਹ ਫੈਸਲਾ ਬਦਲ ਦਿੱਤਾ ਹੈ। ਸਰਕਾਰ ਵਲੋਂ ਹੁਣ ਕਰੀਬ 50 ਰੂਟਾਂ 'ਤੇ ਬੱਸ ਸੇਵਾਵਾਂ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਵਲੋਂ ਇਨ੍ਹਾਂ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਮੁਤਾਬਕ ਇਨ੍ਹਾਂ ਬੱਸਾਂ 'ਚ 20 ਤੋਂ 25 ਯਾਤਰੀਆਂ ਤੋਂ ਜ਼ਿਆਦਾ ਨਹੀਂ ਬਿਠਾਏ ਜਾਣਗੇ ਅਤੇ ਨਾਲ ਹੀ ਹਰ ਆਉਣ ਵਾਲੇ ਯਾਤਰੀ ਨੂੰ ਸੈਨੇਟਾਈਜ਼ਰ ਵੀ ਦਿੱਤਾ ਜਾਵੇਗਾ। ਇਸ ਦੌਰਾਨ ਜਿਨ੍ਹਾਂ ਵਾਹਨਾਂ 'ਚ 12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦਾ ਸਮਰੱਥ ਹੈ ਅਰਥਾਤ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੂਟ ਦਿੱਤੀ ਗਈ ਹੈ।
ਇਨ੍ਹਾਂ 50 ਰੂਟਾਂ 'ਤੇ ਬੱਸ ਸੇਵਾਵਾਂ ਹੋਣਗੀਆਂ ਜਾਰੀ
ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਹੁਣ ਕੁੱਝ ਖਾਸ ਰੂਟਾਂ ਨੂੰ ਛੱਡ ਕੇ ਬਾਕੀ ਟਰਾਂਸਪੋਰਟ ਸੇਵਾਵਾਂ 'ਤੇ ਇਹ ਰੋਕ 20 ਮਾਰਚ 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ 2020 ਤੱਕ ਲਾਗੂ ਰਹੇਗੀ। ਹਾਲਾਂਕਿ, ਐਮਰਜੈਂਸੀ ਦੀ ਸਥਿਤੀ 'ਚ ਸਬੰਧਿਤ ਡਿਪਟੀ ਕਮਿਸ਼ਨਰਾਂ ਅਤੇ ਰਾਜ ਟਰਾਂਸਪੋਰਟ ਕਮਿਸ਼ਨਰ ਨੂੰ ਕਿਸੇ ਵੀ ਜਨਤਕ ਵਾਹਨ ਨੂੰ ਇਸ ਨਿਰਦੇਸ਼ ਨੂੰ ਲਾਗੂ ਕਰਨ ਤੋਂ ਛੋਟ ਦੇਣ ਦਾ ਅਧਿਕਾਰ ਹੈ। ਇਹ ਰੋਕ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫੈਕਟਰੀ, ਸਟਾਫ ਬੱਸਾਂ ਆਦਿ 'ਤੇ ਲਾਗੂ ਨਹੀਂ ਹੁੰਦੀ। ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਮੂਹ ਮੰਤਰੀਆਂ ਵਲੋਂ ਸਰਕਾਰੀ ਦਫਤਰਾਂ 'ਚ ਗ਼ੈਰ- ਜ਼ਰੂਰੀ ਪਬਲਿਕ ਡੀਲਿੰਗ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਪ੍ਰਾਈਵੇਟ ਬੱਸ ਸੇਵਾਵਾਂ 'ਤੇ 20 ਮਾਰਚ ਦੀ ਰਾਤ ਤੋਂ ਰੋਕ ਲਗਾ ਦਿੱਤੀ ਗਈ ਸੀ।