ਲਾਪ੍ਰਵਾਹੀ : ਆਏ ਦਿਨ ਰੇਲਵੇ ਟ੍ਰੈਕ ’ਤੇ ਹੋ ਰਹੇ ਹਾਦਸੇ, ਸਾਲ ਦੇ ਸ਼ੁਰੂ ’ਚ ਹੀ 50 ਵਿਅਕਤੀਆਂ ਨੇ ਗੁਆਈ ਜਾਨ

03/15/2023 12:40:02 AM

ਲੁਧਿਆਣਾ (ਗੌਤਮ) : ਰੇਲਵੇ ਟ੍ਰੈਕ ‘ਤੇ ਆਏ ਦਿਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਪੁਲਸ ਦਾ ਦਾਅਵਾ ਹੈ ਕਿ ਲੋਕ ਆਪਣੀ ਲਾਪ੍ਰਵਾਹੀ ਕਾਰਨ ਹੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਾਂ ਤਾਂ ਲੋਕ ਚੱਲਦੀਆਂ ਟ੍ਰੇਨਾਂ 'ਚ ਸਵਾਰ ਹੁੰਦੇ ਸਮੇਂ, ਉੱਤਰਦੇ ਸਮੇਂ ਜਾਂ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਹੈੱਡ ਫੋਨ ਦੀ ਵਰਤੋਂ ਕਰਦੇ ਹਨ। ਵਿਭਾਗ ਦਾ ਦਾਅਵਾ ਹੈ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਆਪਣੀ ਲਾਪ੍ਰਵਾਹੀ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਭੀੜ ਹੋਣ ਕਾਰਨ ਧੱਕਾ-ਮੁੱਕੀ ਕਾਰਨ ਵੀ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਫਾਟਕ ਬੰਦ ਹੋਣ ’ਤੇ ਵੀ ਰੇਲਵੇ ਟ੍ਰੈਕ ਪਾਰ ਕਰਦੇ ਹਨ।

ਇਹ ਵੀ ਪੜ੍ਹੋ : ਮਿਆਂਮਾਰ : ਫੌਜ ਨੇ ਲਾਈਨ ’ਚ ਖੜ੍ਹੇ ਕਰਕੇ 30 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਿਆ

ਮਿਲੀ ਜਾਣਕਾਰੀ ਮੁਤਾਬਕ ਬੀਤੇ ਸਾਲ 2022 'ਚ ਰੇਲ ਹਾਦਸਿਆਂ ਦੌਰਾਨ 334 ਵਿਅਕਤੀਆਂ ਨੇ ਆਪਣੀ ਜਾਨ ਗੁਆਈ ਅਤੇ ਇਸ ਸਾਲ ਹੁਣ ਤੱਕ ਦੇ ਸਮੇਂ ਦੌਰਾਨ ਕਰੀਬ 50 ਵਿਅਕਤੀਆਂ ਨੇ ਆਪਣੀ ਜਾਨ ਗੁਆਈ ਹੈ। ਰੇਲ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਕਈ ਵਾਰ ਸ਼ਨਾਖਤ ਵੀ ਨਹੀਂ ਹੋ ਪਾਉਂਦੀ, ਜਿਸ ਕਾਰਨ ਉਨ੍ਹਾਂ ਦਾ ਸਸਕਾਰ ਐੱਨ.ਜੀ.ਓ. ਜਾਂ ਜੀ.ਆਰ.ਪੀ. ਸਰਕਾਰੀ ਖਰਚ 'ਤੇ ਕਰਦੀ ਹੈ।

ਕਈ ਇਲਾਕੇ ਸੰਵੇਦਨਸ਼ੀਲ

ਮਿਲੀ ਜਾਣਕਾਰੀ ਮੁਤਾਬਕ ਦਿੱਲੀ-ਅੰਮ੍ਰਿਤਸਰ ਅਤੇ ਧੂਰੀ ਲਾਈਨ, ਲਾਡੋਵਾਲ ਕੋਲੋਂ ਤੇ ਇਸ ਤੋਂ ਇਲਾਵਾ ਕੁਝ ਰਿਹਾਇਸ਼ੀ ਇਲਾਕੇ ਅਜਿਹੇ ਹਨ, ਜਿਥੇ ਹਰ ਰੋਜ਼ ਕੋਈ ਨਾ ਕੋਈ ਰੇਲ ਹਾਦਸਾ ਹੁੰਦਾ ਹੈ। ਟ੍ਰੇਨਾਂ ਦੀ ਸਪੀਡ 'ਚ ਵਾਧਾ ਹੋਣ ਕਾਰਨ ਰੇਲ ਵਿਭਾਗ ਵੱਲੋਂ ਮੁੱਖ ਰੇਲਵੇ ਟ੍ਰੈਕ ਦੇ ਆਸ-ਪਾਸ ਕੰਧ ਬਣਾਉਣ ਦਾ ਕੰਮ ਕੀਤਾ ਗਿਆ ਹੈ ਤਾਂ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਫਿਰ ਵੀ ਲੋਕਾਂ ਨੇ ਕੰਧ ਤੋੜ ਕੇ ਆਪਣੇ ਰਸਤੇ ਬਣਾ ਲਏ ਹਨ, ਜਿਸ ਕਾਰਨ ਫਿਰ ਹਾਦਸੇ ਹੋਣੇ ਸ਼ੁਰੂ ਹੋ ਗਏ ਹਨ, ਜਦੋਂਕਿ ਢੰਡਾਰੀ ਰੇਲਵੇ ਟ੍ਰੈਕ ਜ਼ਿਆਦਾ ਵਿਅਸਤ ਰਹਿੰਦਾ ਹੈ ਕਿਉਂਕਿ ਫੋਕਲ ਪੁਆਇੰਟ ਹੋਣ ਕਾਰਨ ਕਾਫੀ ਗਿਣਤੀ ਵਿੱਚ ਲੇਬਰ ਉਥੋਂ ਲੰਘਦੀ ਹੈ ਅਤੇ ਰੇਲਵੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੇਲਵੇ ਟ੍ਰੈਕ ਪਾਰ ਕਰਦੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਰੇਗਿਸਤਾਨ ’ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਲੋਕ, ਵਸਿਆ ਹੈ ਪੂਰਾ ਸ਼ਹਿਰ

ਕਈ ਥਾਵਾਂ ’ਤੇ ਨਹੀਂ ਸੁਣਾਈ ਦਿੰਦਾ ਹਾਰਨ

ਹਾਦਸਿਆਂ ਦਾ ਮੁੱਖ ਕਾਰਨ ਇਹ ਵੀ ਹੈ ਕਿ ਕਈ ਥਾਵਾਂ ’ਤੇ ਹਾਰਨ ਵਜਾਉਣ ਦੇ ਬਾਵਜੂਦ ਸੁਣਾਈ ਨਹੀਂ ਦਿੰਦਾ, ਜਿਸ ਸਬੰਧੀ ਵਿਭਾਗ ਦਾ ਕਹਿਣਾ ਹੈ ਕਿ ਕਈ ਥਾਈਂ ਜ਼ਮੀਨ ਪੋਲੀ ਹੁੰਦੀ ਹੈ, ਜਿਸ ਕਾਰਨ ਹਾਰਨ ਦੀ ਗੂੰਜ ਨਹੀਂ ਹੁੰਦੀ, ਉਥੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਹੀ ਹਾਦਸੇ ਵਾਪਰਦੇ ਹਨ।

ਕੇਸ-1

ਕੁਝ ਦਿਨ ਪਹਿਲਾਂ ਪਲੇਟਫਾਰਮ ਨੰ. 2 ’ਤੇ ਪਠਾਨਕੋਟ ਦੇ ਲਈ ਟ੍ਰੇਨ 'ਚ ਸਵਾਰ ਹੋਣ ਵਾਲੀ ਮਿਲਰਗੰਜ ਦੀ ਰਹਿਣ ਵਾਲੀ 20 ਸਾਲਾ ਔਰਤ ਸਿਮਰਨ ਦੀ ਟ੍ਰੇਨ ਦੇ ਥੱਲੇ ਆਉਣ ਕਾਰਨ ਮੌਤ ਹੋ ਗਈ। ਜੀ.ਆਰ.ਪੀ. ਦੇ ਮੁਤਾਬਕ ਔਰਤ ਚੱਲਦੀ ਟ੍ਰੇਨ 'ਚ ਚੜ੍ਹਨ ਦਾ ਯਤਨ ਕਰ ਰਹੀ ਸੀ ਕਿ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਟ੍ਰੈਕ ਦੇ ਥੱਲੇ ਆ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 4,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਕੰਪਿਊਟਰ ਆਪ੍ਰੇਟਰ ਰੰਗੇ ਹੱਥੀਂ ਕਾਬੂ

ਕੇਸ-2

ਇਸੇ ਤਰ੍ਹਾਂ ਧੱਕਾ ਕਾਲੋਨੀ ਦੀ ਰਹਿਣ ਵਾਲੀ ਬੰਤੋ ਨਾਂ ਦੀ ਔਰਤ ਵੀ ਰੇਲ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੁਲਸ ਮੁਤਾਬਕ ਔਰਤ ਜੰਮੂ ਤੋਂ ਆ ਰਹੀ ਸੀ ਅਤੇ ਜਿਵੇਂ ਹੀ ਟ੍ਰੇਨ ਆਊਟਰ ’ਤੇ ਪੁੱਜਣ ’ਤੇ ਹੌਲੀ ਹੋਈ ਤਾ ਔਰਤ ਨੇ ਚੱਲਦੀ ਟ੍ਰੇਨ ਤੋਂ ਉੱਤਰਨ ਦਾ ਯਤਨ ਕੀਤਾ। ਉਹ ਰੇਲਵੇ ਟ੍ਰੈਕ 'ਤੇ ਜਾ ਡਿੱਗੀ ਅਤੇ ਉਸ ਦੇ ਉੱਪਰੋਂ ਕੋਚ ਵੀ ਨਿਕਲ ਗਏ ਪਰ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਟ੍ਰੈਕ ਪਾਰ ਕਰਨ ਵਾਲਿਆਂ ਖ਼ਿਲਾਫ਼ ਹੁੰਦੀ ਹੈ ਕਾਰਵਾਈ

ਆਰ.ਪੀ.ਐੱਫ. ਦੇ ਪੋਸਟ ਕਮਾਂਡੈਂਟ ਦਾ ਕਹਿਣਾ ਹੈ ਕਿ ਟ੍ਰੈਕ ਪਾਰ ਕਰਨ ਵਾਲਿਆਂ ਖ਼ਿਲਾਫ਼ ਸਮੇਂ-ਸਮੇਂ ’ਤੇ ਚਲਾਨ ਕੀਤਾ ਜਾਂਦਾ ਹੈ ਅਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਂਦੀ ਹੈ। ਇਕ ਮਹੀਨੇ ਵਿੱਚ ਔਸਤਨ 40 ਤੋਂ 50 ਵਿਅਕਤੀਆਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News