ਕੇਂਦਰੀ ਜੇਲ੍ਹ ’ਚੋਂ 5 ਮੋਬਾਈਲ ਬਰਾਮਦ, 4 ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ
Monday, Nov 18, 2024 - 08:12 AM (IST)
ਫਿਰੋਜ਼ਪੁਰ (ਕੁਮਾਰ, ਮਲਹਤੋਰਾ, ਪਰਮਜੀਤ, ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ 9 ਤੋਂ 14 ਨਵੰਬਰ ਤੱਕ ਚਲਾਏ ਗਏ ਸਰਚ ਅਭਿਆਨ ਦੌਰਾਨ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਦੂਜੀ ਘਟਨਾ ’ਚ ਫਿਰੋਜ਼ਪੁਰ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਸੁੱਟਣ ਆਏ ਇਕ ਵਿਅਕਤੀ ਨੂੰ ਜੇਲ੍ਹ ਦੇ ਪੋਸਕੋ ਕਰਮਚਾਰੀਆਂ ਨੇ ਕਾਬੂ ਕਰ ਲਿਆ ਹੈ, ਜਿਸ ਨੂੰ ਉਸ ਵਿਅਕਤੀ ਨਾਲ ਆਏ ਵਿਅਕਤੀ ਜ਼ਬਰਦਸਤੀ ਕਰਮਚਾਰੀਆਂ ਤੋਂ ਛੁਡਾ ਕੇ ਲੈ ਗਏ ਅਤੇ ਜਾਂਦੇ ਹੋਏ ਕਰਮਚਾਰੀ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਇਨ੍ਹਾਂ ਦੋਵਾਂ ਘਟਨਾਵਾਂ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜੀ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 4 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਫਿਰੋਜ਼ਪੁਰ ਸਿਟੀ ਦੀ ਪੁਲਸ ਨੂੰ ਲਿਖਤੀ ਪੱਤਰ ਭੇਜਦੇ ਹੋਏ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਰਾਜ ਸਿੰਘ ਉਰਫ ਅੰਗਰੇਜ਼ ਸਿੰਘ, ਵਕੀਲ ਸਿੰਘ, ਹਵਾਲਾਤੀ ਲਵ, ਹਵਾਲਾਤੀ ਨਛੱਤਰ ਸਿੰਘ ਅਤੇ ਲਵਾਰਿਸ ਹਾਲਤ ’ਚ 5 ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਿਲਜੀਤ ਦਾ ਓਪਨ ਚੈਲੰਜ- 'ਸਾਰੀਆਂ ਸਟੇਟਾਂ 'ਚ ਬੈਨ ਕਰ ਦਿਓ ਦਾਰੂ, ਕਦੇ ਨਹੀਂ ਗਾਵਾਂਗਾ ਸ਼ਰਾਬ 'ਤੇ ਗਾਣਾ'
ਦੂਜੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੋਸਕੋ ਮੁਲਾਜ਼ਮ ਅਸ਼ੋਕ ਕੁਮਾਰ ਦੀ ਡਿਊਟੀ ਜੇਲ੍ਹ ਦੇ ਪਿੱਛੇ ਸਵੇਰੇ 6:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਲੱਗੀ ਸੀ। ਇਸ ਦੌਰਾਨ ਸਵੇਰੇ 9:40 ਵਜੇ ਤੱਕ ਅਸ਼ੋਕ ਕੁਮਾਰ ਟਾਵਰ ’ਤੇ ਪਹੁੰਚਿਆ ਤਾਂ ਉਸ ਨੂੰ ਇਹ ਸੂਚਨਾ ਮਿਲੀ ਕਿ ਕੋਈ ਅਣਪਛਾਤਾ ਵਿਅਕਤੀ ਜੇਲ੍ਹ ਦੇ ਅੰਦਰ ਥ੍ਰੋ ਕਰਨ ਲਈ ਆਇਆ ਹੈ ਤਾਂ ਉਸ ਨੇ ਉਸ ਅਣਪਛਾਤੇ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਅਣਪਛਾਤਾ ਵਿਅਕਤੀ ਪੋਸਕੋ ਮੁਲਾਜ਼ਮ ਨਾਲ ਹੱਥੋਪਾਈ ਕਰਨ ਲੱਗਾ। ਇੰਨੇ ’ਚ ਉਸ ਅਣਪਛਾਤੇ ਵਿਅਕਤੀ ਦੇ 2 ਹੋਰ ਸਾਥੀ ਉਥੇ ਪਹੁੰਚ ਗਏ ਅਤੇ ਅਸ਼ੋਕ ਕੁਮਾਰ ਨੂੰ ਕਹਿਣ ਲੱਗੇ ਕਿ ਉਸ ਦੇ ਸਾਥੀ ਨੂੰ ਛੱਡ ਦਿਓ ਨਹੀਂ ਤਾਂ ਉਹ ਤੈਨੂੰ ਗੋਲੀਆਂ ਮਾਰ ਦੇਣਗੇ ਅਤੇ ਉਹ ਆਪਣੇ ਸਾਥੀ ਨੂੰ ਛੁਡਾ ਕੇ ਲੈ ਗਏ ਅਤੇ ਜਾਂਦੇ-ਜਾਂਦੇ ਪੋਸਕੋ ਕਰਮਚਾਰੀ ਅਸ਼ੋਕ ਕੁਮਾਰ ਦਾ ਟੱਚ ਸਕਰੀਨ ਵਾਲਾ ਓਪੋ ਕੰਪਨੀ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ।
ਜੇਲ੍ਹ ਅਧਿਕਾਰੀਆਂ ਅਨੁਸਾਰ ਜਦੋਂ ਅਣਪਛਾਤੇ ਵਿਅਕਤੀ ਉਥੋਂ ਭੱਜੇ ਤਾਂ ਉਨ੍ਹਾਂ ਦਾ ਕੱਪੜਿਆਂ ਵਾਲਾ ਲਿਫਾਫਾ ਉਥੇ ਡਿੱਗ ਪਿਆ, ਜਿਸ ਨੂੰ ਜਦ ਚੈੱਕ ਕੀਤਾ ਤਾਂ ਉਸ ਵਿਚੋਂ ਇਕ ਓਪੋ ਕੰਪਨੀ ਦਾ ਟੱਚ ਸਕਰੀਨ ਵਾਲਾ ਮੋਬਾਈਲ ਫੋਨ ਮਿਲਿਆ। ਸਬ-ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਪੋਸਕੋ ਮੁਲਾਜ਼ਮ ਦੀ ਕੁੱਟਮਾਰ ਕਰਨ, ਉਸ ਦੀ ਡਿਊਟੀ ’ਚ ਵਿਘਨ ਪਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਸ ਦਾ ਮੋਬਾਈਲ ਖੋਹਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8