ਡੇਰੇ ''ਚ ਕਤਲ ਹੋਏ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਚੁੱਪ ਰਹਿਣ ਲਈ ਮਿਲਿਆ 5 ਲੱਖ ਦਾ ਲਾਲਚ

10/22/2017 7:55:59 AM

ਮੋਗਾ - ਪਿੰਡ ਖੋਸਾ ਰਣਧੀਰ 'ਚ 22 ਸਾਲਾ ਡੇਰਾ ਪ੍ਰੇਮੀ ਦੇ ਕਤਲ ਮਾਮਲੇ 'ਚ ਪੀੜਤ ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਜਗਸੀਰ ਸਿੰਘ ਦੀ ਮੌਤ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸਿਰਸਾ ਦੇ ਐੱਸ.ਪੀ. ਨੇ ਮ੍ਰਿਤਕ ਲੜਕੇ ਦੇ ਪਿਤਾ ਨੂੰ ਸ਼ੁੱਕਰਵਾਰ ਬੁਲਾ ਕੇ ਅੱਧੇ ਘੰਟੇ ਤੱਕ ਬਿਆਨ ਲੈ ਕੇ ਦਰਜ ਕੀਤੇ ਅਤੇ ਦੋ ਕਾਗਜਾਂ 'ਤੇ ਦਸਤਖਤ ਵੀ ਕਰਵਾਏ। ਪੀੜਤ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪਹਿਲਾਂ 9 ਅਕਤੂਬਰ ਨੂੰ ਐੱਸ.ਐੱਸ.ਪੀ ਮੋਗਾ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਘਟਨਾ ਅਨੁਸਾਰ ਪਿੰਡ ਖੋਸਾ ਦੇ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਗੁਰਦੀਪ ਕੌਰ ਨੇ 12 ਅਕਤੂਬਰ ਨੂੰ ਮੋਦੀ ਨੂੰ ਲਿਖੀ ਚਿੱਠੀ 'ਚ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਗਸੀਰ ਸਿੰਘ 26 ਫਰਵਰੀ 2005 ਨੂੰ ਡੇਰਾ ਸਿਰਸਾ ਦੇ ਭੰਗੀਦਾਸ ਸਾਧੂ ਸਿੰਘ ਨਿਵਾਸੀ ਖੋਸਾ ਰਣਧੀਰ ਦੇ ਨਾਲ ਡੇਰੇ 'ਚ 7 ਦਿਨਾਂ ਲਈ ਸੇਵਾ ਕਰਨ ਗਿਆ ਸੀ। ਕੁਝ ਦਿਨਾਂ ਬਾਅਦ ਸਾਧੂ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਡੇਰੇ 'ਚੋਂ ਗਾਇਬ ਹੋ ਗਿਆ ਹੈ, ਉਸਨੂੰ ਲੱਭ ਲਓ। ਪਰਿਵਾਰ ਨੂੰ 8 ਮਾਰਚ 2005 ਵਾਲੇ ਦਿਨ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ ਹੈ। ਰੇਲਵੇ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਬਠਿੰਡਾ ਦੇ ਕੋਲ ਜਗਸੀਰ ਦੀ ਰੇਲ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ ਅਤੇ ਉਸਨੂੰ ਲਵਾਰਸ ਸਮਝ ਕੇ ਉਸਦਾ ਸੰਸਕਾਰ ਕਰ ਦਿੱਤਾ ਗਿਆ ਸੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ 18 ਸਤੰਬਰ ਨੂੰ ਜਗਸੀਰ ਸਿੰਘ ਦੇ ਕਤਲ ਮਾਮਲੇ 'ਚ ਹਰਿਆਣੇ ਦੇ ਡੀ.ਜੀ.ਪੀ, ਬੀ.ਐੱਸ. ਸੰਧੂ ਨੂੰ ਮਿਲੇ ਸਨ। ਸੰਧੂ ਨੇ ਜਾਂਚ ਵੱਡੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ। ਪਰਿਵਾਰ ਮੁਤਾਬਕ 23 ਸਤੰਬਰ ਨੂੰ ਪਿੰਡ ਦਾ ਡੇਰਾ ਪ੍ਰੇਮੀ ਜੋੜਾ ਉਨ੍ਹਾਂ ਦੇ ਘਰ ਆਇਆ ਅਤੇ ਮਾਮਲੇ ਬਾਰੇ ਚੁੱਪ ਰਹਿਣ ਲਈ 5 ਲੱਖ ਰੁਪਏ ਦਾ ਲਾਲਚ ਦਿੱਤਾ ਪਰ ਪਰਿਵਾਰ ਵਾਲਿਆਂ ਨੇ ਬੇਟੇ ਦੀ ਮੌਤ ਦਾ ਸੌਦਾ ਕਰਨ ਤੋਂ ਮਨ੍ਹਾ ਕਰ ਦਿੱਤਾ। ਜਗਸੀਰ ਸਿੰਘ ਦੀ ਭੈਣ ਸੰਦੀਪ ਕੌਰ ਨੇ ਕਿਹਾ ਕਿ, ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਪੈਸਿਆਂ ਦਾ ਲਾਲਚ ਦੇਣ ਦੀ ਸ਼ਿਕਾਇਤ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਕਿ ਵੀਰਵਾਰ ਨੂੰ ਥਾਣਾ ਕੋਟ ਈਸੇ  ਖਾਂ ਦੇ ਪੁਲਸ ਕਰਮਚਾਰੀ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਦੱਸਿਆ ਕਿ ਸ਼ੁਕਰਵਾਰ ਨੂੰ ਸਿਰਸਾ ਪੁਲਸ ਨੇ ਉਨ੍ਹਾਂ ਨੂੰ ਜਗਸੀਰ ਸਿਘ ਦੇ ਕਤਲ ਮਾਮਲੇ 'ਚ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਬੁਲਾਇਆ ਹੈ।


Related News