ਲੜਾਈ ਦੌਰਾਨ ਫਾਇਰਿੰਗ ਕਰਨ ਵਾਲੇ 5 ਮੁਲਜ਼ਮ ਅਸਲੇ ਸਮੇਤ ਕਾਬੂ
Sunday, Sep 01, 2024 - 02:03 PM (IST)
ਖਰੜ (ਗਗਨਦੀਪ) : ਪਿੰਡ ਝੰਜੇੜੀ-ਰਸਨਹੇੜੀ ਰੋਡ ’ਤੇ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਦੌਰਾਨ ਫਾਇਰਿੰਗ ਅਤੇ 4 ਨੌਜਵਾਨ ਜ਼ਖ਼ਮੀ ਹੋਣ ਦੇ ਮਾਮਲੇ ’ਚ ਪੁਲਸ ਨੇ 5 ਨੌਜਵਾਨਾਂ ਨੂੰ ਇਕ ਦੇਸੀ ਕੱਟਾ, ਇਕ ਪਿਸਤੌਲ 32 ਬੋਰ ਤੇ ਇਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਕਾਸ਼ ਰਾਣਾ ਉਰਫ਼ ਲੱਕੀ, ਹਨੀ ਬੌਕਸਰ ਵਾਸੀ ਜਲ ਵਾਯੂ ਟਾਵਰ ਖਰੜ, ਅਮਨ ਬੈਦਬਾਣ, ਦੀਪੂ ਪਿੰਡ ਮੱਛਲੀ ਕਲਾਂ, ਖਰੜ ਅਤੇ ਰਵੀ ਵਾਸੀ ਨਵਾਂਸ਼ਹਿਰ ਬਡਾਲਾ, ਖਰੜ ਦੇ ਰੂਪ ਵਿਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਖਰੜ-1 ਕਰਨ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਡੇਢ ਵਜੇ ਦੇ ਕਰੀਬ ਝੰਜੇੜੀ-ਰਸਨਹੇੜੀ ਰੋਡ ’ਤੇ ਦੋ ਗੁੱਟਾਂ ਵਿਚ ਲੜਾਈ-ਝਗੜਾ ਹੋਇਆ ਸੀ, ਜਿਸ ਵਿਚ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਜਿਸ ਦੌਰਾਨ 4 ਨੌਜਵਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਤਿੰਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਜੀ. ਐੱਮ. ਸੀ. ਐੱਚ. ਵਿਖੇ ਦਾਖ਼ਲ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਝੰਜੇੜੀ ਵਾਸੀ ਰਵੀ ਕੁਮਾਰ, ਲਵਪ੍ਰੀਤ ਸਿੰਘ ਤੇ ਸਨਵੀਰ ਪਿੰਡ ਬਡਾਲੀ ਵਿਖੇ ਮੇਲਾ ਦੇਖ ਕੇ ਵਾਪਰ ਘਰ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ 10-15 ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਉਕਤ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਹਮਲਾਵਾਰਾਂ ਵੱਲੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ ਗਈ ਸੀ। ਉੁਨ੍ਹਾਂ ਦੱਸਿਆ ਕਿ ਇਸ ਸਬੰਧੀ ਖਰੜ ਦੇ ਥਾਣਾ ਸਦਰ ਵਿਖੇ 8 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਡੀ.ਐੱਸ.ਪੀ. ਸੰਧੂ ਨੇ ਦੱਸਿਆ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ 5 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਤਿੰਨ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।