ਸਰਕਾਰੀ ਵਕੀਲ ਦੇ ਭਰਾ ਨੂੰ ਅਗਵਾ ਕਰ ਕੇ ਖੋਹੀ 5.30 ਲੱਖ ਦੀ ਨਕਦੀ
Friday, Jul 03, 2020 - 02:41 AM (IST)
ਲੁਧਿਆਣਾ, (ਰਿਸ਼ੀ)- ਨਾਮੀ ਗੈਂਗਸਟਰ ਸਚਿਨ ਵਲੋਂ ਹਫਤਾ ਵਸੂਲੀ ਤਹਿਤ ਸਰਕਾਰੀ ਵਕੀਲ ਦੇ ਭਰਾ ਨੂੰ ਪਹਿਲਾਂ ਗੰਨ ਪੁਆਇੰਟ ’ਤੇ ਬੱਸ ਅੱਡੇ ਦੇ ਬਾਹਰੋਂ ਕਿਡਨੈਪ ਕੀਤਾ ਗਿਆ ਅਤੇ ਕਿਲਾ ਮੁਹੱਲਾ ਸਥਿਤ ਨਿਊ ਯੰਗ ਵਾਲਮੀਕਿ ਫਾਊਂਡੇਸ਼ਨ ਨਾਂ ਦੇ ਆਪਣੇ ਦਫਤਰ ਵਿਚ ਲਿਜਾ ਕੇ ਨੰਗਾ ਕਰ ਕੇ ਕੁੱਟ-ਮਾਰ ਕੀਤੀ ਅਤੇ ਗੁਪਤ ਅੰਗ ’ਚ ਡੰਡਾ ਦੇ ਦਿੱਤਾ ਅਤੇ ਡਰਾਉਣ ਲਈ ਵੀਡੀਓ ਵੀ ਬਣਾ ਲਈ। ਫਿਰ 5.30 ਲੱਖ ਦੀ ਨਕਦੀ ਖੋਹ ਕੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਕਾਰ ਵਿਚ ਸੁੰਨਸਾਨ ਜਗ੍ਹਾ ਛੱਡ ਆਏ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਸਚਿਨ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਰਿਚਾ ਸ਼ਰਮਾ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਐੱਮ. ਐੱਫ. ਟ੍ਰੈਵਲ ਦੇ ਵਿਮਲ ਕੁਮਾਰ (46) ਨਿਵਾਸੀ ਨਿਊ ਕਰਤਾਰ ਨਗਰ, ਸਲੇਮ ਟਾਬਰੀ ਨੇ ਦੱਸਿਆ ਕਿ ਉਸ ਦੀ ਰੇਲਵੇ ਸਟੇਸ਼ਨ ਰੋਡ ’ਤੇ ਦੁਕਾਨ ਹੈ। ਉਕਤ ਮੁਜ਼ਰਮ ਉਨ੍ਹਾਂ ਤੋਂ ਨਾਜਾਇਜ਼ ਹਫਤਾ ਵਸੂਲੀ ਕਰਦੇ ਰਹਿੰਦੇ ਸਨ। ਇਸੇ ਤਹਿਤ ਬੀਤੀ 30 ਜੂਨ ਦੀ ਸਵੇਰ 7 ਵਜੇ ਉਸ ਦੇ ਦਫਤਰ ’ਚ ਸਚਿਨ, ਅਸ਼ੋਕ ਕੁਮਾਰ, ਮਾਹਨ, ਦੀਪਕ ਨਿਵਾਸੀ ਕਿਲਾ ਮੁਹੱਲਾ ਆਏ ਅਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਰਸੀਆਂ ਰੱਖ ਕੇ ਬੈਠ ਗਏ ਪਰ ਬਹਿਸ ਕਰਨ ਦੀ ਬਜਾਏ ਕੁੱਝ ਸਮੇਂ ਬਾਅਦ ਹੀ ਉਹ ਆਪਣੇ ਘਰ ਚਲਾ ਗਿਆ। ਲਗਭਗ 11.30 ਵਜੇ ਦੁਕਾਨ ਖਰੀਦਣ ਕਾਰਨ ਬੱਸ ਅੱਡੇ ਆਪਣੇ ਦੋਸਤ ਬਨੀ ਕੋਲ ਗਿਆ ਅਤੇ ਪਾਰਕਿੰਗ ਵਿਚ ਕਾਰ ਖੜ੍ਹੀ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਉਕਤ ਮੁਜ਼ਰਮ ਉਥੇ ਪੁੱਜ ਗਏ ਅਤੇ ਗੰਨ ਪੁਆਇੰਟ ’ਤੇ ਆਪਣੀ ਕਾਰ ’ਚ ਬਿਠਾ ਕੇ ਲੈ ਗਏ ਅਤੇ ਦਫਤਰ ’ਚ ਲਿਜਾ ਕੇ ਕੁੱਟ-ਮਾਰ ਕਰ ਕੇ ਨਕਦੀ ਖੋਹੀ ਅਤੇ ਵੀਡੀਓ ਬਣਾਈ ਅਤੇ ਧਮਕਾਇਆ ਕਿ ਉਨ੍ਹਾਂ ’ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ, ਜੇਕਰ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪਰਿਵਾਰ ਦਾ ਨੁਕਸਾਨ ਕਰ ਦੇਣਗੇ, ਜਿਸ ਤੋਂ ਬਾਅਦ ਆਪਣੇ ਕੁੱਝ ਸਾਥੀ ਬੱਸ ਅੱਡੇ ’ਤੇ ਭੇਜ ਕੇ ਉਨ੍ਹਾਂ ਦੀ ਕਾਰ ਵੀ ਕਬਜ਼ੇ ਵਿਚ ਲੈ ਲਈ ਅਤੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਸੁੰਨਸਾਨ ਜਗ੍ਹਾ ’ਤੇ ਛੱਡ ਗਏ। ਫਿਰ ਗੈਂਗਸਟਰ ਸਚਿਨ ਨੇ ਫੋਨ ਕਰ ਕੇ ਉਸ ਨੂੰ ਧਮਕੀਆਂ ਵੀ ਦਿੱਤੀਆਂ।
ਪੀੜਤ ਵੱਲੋਂ ਥਾਣਾ ਕੋਤਵਾਲੀ ਪੁਲਸ ਵਿਚ ਵੀ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਵੱਖਰੇ ਤੌਰ ’ਤੇ ਕੀਤੀ ਜਾ ਰਹੀ ਹੈ। ਬਦਮਾਸ਼ਾਂ ਵੱਲੋਂ ਉਸ ਦੀ ਦੁਕਾਨ ’ਤੇ ਆਪਣੇ ਤਾਲੇ ਲਗਾ ਦਿੱਤੇ ਗਏ ਸਨ, ਜੋ ਪੁਲਸ ਨੇ ਖੁੱਲ੍ਹਵਾਏ ਹਨ। ਐੱਸ. ਐੱਚ. ਓ. ਕੋਤਵਾਲੀ ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।