ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 489ਵੇਂ ਟਰੱਕ ਦੀ ਰਾਹਤ ਸਮੱਗਰੀ

Thursday, Dec 27, 2018 - 12:33 PM (IST)

ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 489ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ,  (ਜੁਗਿੰਦਰ ਸੰਧੂ)–  ਪਾਕਿਸਤਾਨ ਨਾਲ ਲੱਗਦੀ ਸਰਹੱਦ ਕੰਢੇ ਸਥਿਤ ਭਾਰਤੀ ਇਲਾਕੇ ਹਮੇਸ਼ਾ ਹੀ ਗੜਬੜ ਅਤੇ ਮਾੜੀਆਂ ਹਰਕਤਾਂ ਤੋਂ ਪ੍ਰਭਾਵਿਤ ਰਹੇ ਹਨ। ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਜ਼ਾਰਾਂ ਪਿੰਡ ਸਰਹੱਦੀ ਪੱਟੀ ’ਚ ਸਥਿਤ ਹਨ, ਜਿਨ੍ਹਾਂ ’ਤੇ ਅੱਤਵਾਦ, ਗੋਲੀਬਾਰੀ ਅਤੇ ਫੌਜੀ ਹਮਲਿਆਂ ਦੀ ਦਹਿਸ਼ਤ ਹਮੇਸ਼ਾ ਮੰਡਰਾਉਂਦੀ ਰਹਿੰਦੀ ਹੈ। ਜਦੋਂ ਵੀ ਸਰਹੱਦ ’ਤੇ ਤਣਾਅ ਪੈਦਾ ਹੁੰਦਾ ਹੈ ਤਾਂ ਲੋਕਾਂ ਨੂੰ ਆਪਣੇ ਕਾਰੋਬਾਰ ਸਮੇਟ ਕੇ ਅਤੇ ਘਰ-ਘਾਟ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਲੋਕ ਕਦੇ ਵੀ ਆਮ ਵਾਂਗ ਆਪਣੇ ਕੰਮ-ਧੰਦੇ ਨਹੀਂ ਕਰ ਸਕਦੇ। ਕਿਸਾਨਾਂ ਨੂੰ ਆਪਣੀਆਂ ਫਸਲਾਂ ਬੀਜਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਖਾਸ ਕਰ ਕੇ ਤਾਰ-ਵਾੜ ਦੇ ਅੰਦਰ ਸਥਿਤ ਜ਼ਮੀਨਾਂ ਵਿਚ ਖੇਤੀ ਕਰਨੀ ਤਾਂ ਬਹੁਤ ਮੁਸ਼ਕਲਾਂ ਵਾਲਾ ਅਤੇ ਖਤਰੇ ਭਰਿਆ ਕੰਮ ਹੈ। ਅਜਿਹੇ ਕਿਸਾਨ ਦੋਹਾਂ ਦੇਸ਼ਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ 'ਚ ਰਹਿੰਦੇ ਹਨ। ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਅਜਿਹੀਆਂ ਮੁਸ਼ਕਲ ਸਥਿਤੀਆਂ ਅਤੇ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਹੀ ਉਨ੍ਹਾਂ ਲਈ 489ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਪਟਿਆਲਾ ਦਫਤਰ ਦੀ ਇੰਚਾਰਜ ਅਤੇ ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰ ਕੌਰ ਵਾਲੀਆ ਦੇ ਯਤਨਾਂ ਸਦਕਾ 'ਦੋਸਤ' (ਡਰੀਮਜ਼ ਆਫ ਸੋਸ਼ਲ ਟਰੈਂਡਜ਼) ਨਾਮੀ ਸੰਸਥਾ ਵਲੋਂ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸੰਸਥਾ ਦੇ ਪ੍ਰਧਾਨ ਕਰਨਲ ਜੇ. ਐੱਸ. ਥਿੰਦ, ਰੋਹਿਤ ਕੁਮਾਰ ਗੁਪਤਾ, ਸੁਭਾਸ਼ ਚੰਦਰ ਸ਼ਰਮਾ, ਪ੍ਰਵੀਨ ਕੁਮਾਰ ਗੋਇਲ, ਟੇਕ ਚੰਦ ਰਿਸ਼ੀ ਅਤੇ ਸੰਨੀ ਨੇ ਵਡਮੁੱਲਾ ਸਹਿਯੋਗ ਦਿੱਤਾ। ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਸ਼੍ਰੀ ਅਭਿਜੈ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਰਜਾਈਆਂ ਸ਼ਾਮਲ ਸਨ।

ਪ੍ਰਭਾਵਿਤ ਖੇਤਰਾਂ ਵਿਚ ਸਮੱਗਰੀ ਦੀ ਵੰਡ ਲਈ, ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ.ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ  ਦੀ ਅਗਵਾਈ ਹੇਠ, ਜਾਣ ਵਾਲੀ  ਟੀਮ ਵਿਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸੱਭਰਵਾਲ, ਇਕਬਾਲ ਸਿੰਘ ਅਰਨੇਜਾ, ਸੀ.ਆਰ.ਪੀ.ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਧਰਮਕੋਟ ਬੱਗਾ (ਬਟਾਲਾ) ਦੇ ਅਸ਼ੋਕ ਭਗਤ, ਅੰਮ੍ਰਿਤਸਰ ਤੋਂ ਪੰਜਾਬ ਕੇਸਰੀ ਦਫਤਰ ਦੀ ਇੰਚਾਰਜ ਮੈਡਮ ਸਿੰਪਲ ਖੰਨਾ ਅਤੇ ਪਟਿਆਲਾ ਦੇ ਮੈਂਬਰ ਸ਼ਾਮਲ ਸਨ।


Related News