ਪੰਜਾਬ ’ਚ 20 MVA ਪਾਵਰ ਟਰਾਂਸਫਾਰਮਰ ਵਾਲੇ 40 ਨਵੇਂ 66 KV ਸਬ-ਸਟੇਸ਼ਨ ਹੋਣਗੇ ਸਥਾਪਤ : ਹਰਭਜਨ ਸਿੰਘ
Saturday, May 27, 2023 - 01:47 PM (IST)
ਜਲੰਧਰ (ਧਵਨ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਟਾਂਡਾ ਅਤੇ ਭੋਗਪੁਰ ਦੇ ਖਪਤਕਾਰਾਂ ਲਈ 66 ਕੇ.ਵੀ. ਸਬ ਸਟੇਸ਼ਨ ਪਿੰਡ ਕਲਿਆਣਪੁਰ ਵਿਖੇ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਕਰਮਵੀਰ ਸਿੰਘ ਘੁੰਮਣ, ਉੱਤਰੀ ਜ਼ੋਨ ਦੇ ਚੀਫ਼ ਡਿਸਟ੍ਰੀਬਿਊਸ਼ਨ ਇੰਜੀ. ਰਮੇਸ਼ ਸਾਰੰਗਲ ਅਤੇ ਚੀਫ ਇੰਜੀ. ਟਰਾਂਸਮਿਸ਼ਨ ਲਾਈਨ ਇੰਦਰਜੀਤ ਸਿੰਘ ਹਾਜ਼ਰ ਸਨ। ਹਰਭਜਨ ਸਿੰਘ ਈ. ਟੀ. ਓ. ਨੇ ਖੁਲਾਸਾ ਕੀਤਾ ਕਿ 66 ਕੇ.ਵੀ. ਕਲਿਆਣਪੁਰ ਵਿਖੇ ਨਵਾਂ 12.5 ਐਮ.ਵੀ.ਏ. ਪਾਵਰ ਟਰਾਂਸਫਾਰਮਰ ਲਾਇਆ ਗਿਆ ਹੈ । ਇਹ 132 ਕੇ.ਵੀ. ਟਾਂਡਾ ਦੇ ਚਾਰ 11 ਕੇ.ਵੀ. ਅਤੇ ਦੋ 11. ਕੇ.ਵੀ. ਫੀਡਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਅਤੇ ਗਰਮੀਆਂ ਦੇ ਸੀਜ਼ਨ ਦੌਰਾਨ ਟਰਾਂਸਫਾਰਮਰਾਂ ਦੇ ਓਵਰਲੋਡ ਹੋਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ ਪਰ ਹੁਣ ਨਵਾਂ ਸਬ-ਸਟੇਸ਼ਨ ਬਣਨ ਨਾਲ ਹੋਰਨਾਂ ਸਬ-ਸਟੇਸ਼ਨਾਂ ਦਾ ਬੋਝ ਵੀ ਘੱਟ ਜਾਵੇਗਾ। ਇਸ ਨਾਲ ਆਦਮਪੁਰ ਹਲਕੇ ਦੇ 6 ਅਤੇ ਟਾਂਡਾ ਦੇ 8 ਪਿੰਡਾਂ ਸਮੇਤ 14 ਪਿੰਡਾਂ ਦੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਧ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਦੇ ਸੰਪਰਕ ’ਚ ਕਈ ਕਾਂਗਰਸੀ, ਨਿਗਮ ਚੋਣਾਂ ਤੋਂ ਪਹਿਲਾਂ ਹੋ ਸਕਦੈ ਵੱਡਾ ਧਮਾਕਾ
ਮੌਜੂਦਾ ਸਬ-ਸਟੇਸ਼ਨਾਂ ’ਤੇ ਲੋਡ ਘਟਾਉਣ ਲਈ ਪੂਰੇ ਸੂਬੇ ਵਿੱਚ ਨਵੇਂ ਸਬ-ਸਟੇਸ਼ਨ ਬਣਾਏ ਜਾ ਰਹੇ ਹਨ। 22 ਐਮ. ਵੀ. ਏ. ਪਾਵਰ ਟਰਾਂਸਫਾਰਮਰਾਂ ਵਾਲੇ 40 ਨਵੇਂ 66 ਕੇ.ਵੀ. ਸਬ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਦੱਖਣੀ ਜ਼ੋਨ ਵਿੱਚ 13, ਕੇਂਦਰੀ ਜ਼ੋਨ ਵਿੱਚ 12, ਪੱਛਮੀ ਜ਼ੋਨ ਵਿੱਚ 6, ਬਾਰਡਰ ਜ਼ੋਨ ਵਿੱਚ 5 ਅਤੇ ਉੱਤਰੀ ਜ਼ੋਨ ਵਿੱਚ 5 ਸਬ ਸਟੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ 35 ਨਵੇਂ 66 ਕੇ.ਵੀ. ਸਬ-ਸਟੇਸ਼ਨਾਂ ’ਤੇ 20 ਐਮ.ਵੀ.ਏ. ਦੇ ਵਾਧੂ ਬਿਜਲੀ ਦੇ ਟਰਾਂਸਫਾਰਮਰ ਲਾਏ ਜਾ ਰਹੇ ਹਨ। ਬਿਜਲੀ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਦੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨਾਲ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਚੈਕਿੰਗ ਕਰਨ ਅਤੇ ਉਨ੍ਹਾਂ ਵਿੱਚ ਨੁਕਸ ਦੂਰ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ : ਵਿਰੋਧੀ ਪਾਰਟੀਆਂ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਵਿਰੋਧ ਕਰਨ ਦੇ ਫੈਸਲੇ ਦੀ ਤਰੁਣ ਚੁਘ ਨੇ ਕੀਤੀ ਸਖ਼ਤ ਨਿਖੇਧੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani