ਬਟਾਲਾ ਦੇ ਸਿਵਲ ਹਸਪਤਾਲ ’ਚ 4 ਗਰਭਵਤੀ ਔਰਤਾਂ ਕੋਰੋਨਾ ਪਾਜ਼ੇਟਿਵ, 2 ਦੀ ਹੋਈ ਡਲਿਵਰੀ
Friday, May 22, 2020 - 12:08 AM (IST)
ਬਟਾਲਾ,(ਬੇਰੀ, ਮਠਾਰੂ, ਜ. ਬ.)- ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਸਿਵਲ ਹਸਪਤਾਲ ’ਚ 4 ਗਰਭਵਤੀ ਔਰਤਾਂ ਜੋ ਸਿਵਲ ਹਸਪਤਾਲ ’ਚ ਇਲਾਜ ਕਰਵਾਉਣ ਲਈ ਆਈਆਂ ਸਨ, ਦਾ ਹਸਪਤਾਲ ਸਟਾਫ ਵੱਲੋਂ ਇਲਾਜ ਕਰਨ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਸਬੰਧੀ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਚੈੱਕਅਪ ਲਈ ਆਈਆਂ ਗਰਭਵਤੀ ਔਰਤਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਇਨ੍ਹਾਂ ਚਾਰਾਂ ਗਰਭਵਤੀ ਔਰਤਾਂ ’ਚੋਂ 2 ਦੀ ਡਲਿਵਰੀ ਹੋ ਚੁੱਕੀ ਹੈ ਅਤੇ ਇਨ੍ਹਾਂ ਚਾਰਾਂ ਨੂੰ ਸਿਵਲ ਹਸਪਤਾਲ ਦੀਆਂ ਆਈਸੋਲੇਸ਼ਨ ਵਾਰਡਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਸਿਵਲ ਹਸਪਤਾਲ ’ਚ ਸਬੰਧਤ ਕੋਰੋਨਾ ਪਾਜ਼ੇਟਿਵ ਔਰਤਾਂ ਦੀ ਡਲਿਵਰੀ ਕਰਨ ਵਾਲੇ ਲੇਬਰ ਸਟਾਫ ਅਤੇ ਡਾਕਟਰੀ ਸਟਾਫ ਦੇ ਵੀ ਸੈਂਪਲ ਲੈਣ ਉਪਰੰਤ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ ਪਰ ਫਿਲਹਾਲ ਉਨ੍ਹਾਂ ਸਾਰਿਆਂ ਦੀ ਸੂਚੀ ਹਸਪਤਾਲ ਵੱਲੋਂ ਬਣਾਈ ਜਾ ਰਹੀ ਹੈ, ਜਿਨ੍ਹਾਂ ਦੇ ਸੰਪਰਕ ਵਿਚ ਉਕਤ ਔਰਤਾਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸਿਵਲ ਹਸਪਤਾਲ ਦਾ ਆਪ੍ਰੇਸ਼ਨ ਥੀਏਟਰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
ਐੱਸ. ਐੱਮ. ਓ. ਡਾ. ਭੱਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਟਾਲਾ ਦੇ ਕਾਦੀਆਂ ਚੂੰਗੀ ਨੇੜੇ ਸਥਿਤ ਪੀ. ਜੀ. ਆਈ. ਡਾਇਗਨੋਸਟਿਕ ਸੈਂਟਰ ’ਚ ਅਲਟਰਾ ਸਾਊਂਡ ਕਰਵਾਉਣ ਲਈ ਜਾਣ ਵਾਲੀਆਂ ਸਬੰਧਤ ਔਰਤਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਥੋਂ ਦੇ ਸਟਾਫ ਨੂੰ ਵੀ ਕੁਆਰੰਟਾਈਨ ਕੀਤਾ ਜਾਵੇਗਾ ਅਤੇ ਉਕਤ ਡਾਇਗਨੋਸਟਿਕ ਸੈਂਟਰ ਨੂੰ ਫਿਲਹਾਲ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚਿਆਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਪਰ ਫਿਰ ਵੀ ਇਨ੍ਹਾਂ ਬੱਚਿਆਂ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੀ ਜਿਸ ਵਾਰਡ ਵਿਚ ਕੋਰੋਨਾ ਪਾਜ਼ੇਟਿਵ ਔਰਤਾਂ ਦਾਖਲ ਸਨ, ਉਸ ਵਾਰਡ ਨੂੰ ਵੀ ਕੁਆਰੰਟਨਾਈਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਦੀ ਸੂਚੀ ਵੀ ਬਣਾਈ ਜਾ ਰਹੀ ਹੈ, ਜਿਨ੍ਹਾਂ ਦੇ ਸੰਪਰਕ ’ਚ ਸਬੰਧਤ ਗਰਭਵਤੀ ਪਾਜ਼ੇਟਿਵ ਔਰਤਾਂ ਪਹਿਲਾਂ ਅਤੇ ਹੁਣ ਆਈਆਂ ਸਨ। ਇਸ ਤੋਂ ਇਲਾਵਾ ਇਕ ਗਰਭਵਤੀ ਔਰਤ ਜਿਸ ਨੇ ਲੱਛਮੀ ਡਾਇਗਨੋਸਟਿਕ ਸੈਂਟਰ ਬਟਾਲਾ ਤੋਂ ਅਲਟਰਾ ਸਾਊਂਡ ਕਰਵਾਈ ਸੀ, ਨੂੰ ਫਿਲਹਾਲ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਕੋਰੋਨਾ ਪੀੜ੍ਹਤਾਂ ਦੇ ਸੰਪਰਕ ’ਚ ਆਉਣ ਵਾਲੇ ਸਾਰਿਆਂ ਦੇ 5ਵੇਂ ਦਿਨ ਸੈਂਪਲ ਲਏ ਜਾਣਗੇ। ਇਸ ਤੋਂ ਇਲਾਵਾ ਹਸਪਤਾਲ ਦੇ ਕਰੀਬ 2 ਦਰਜਨ ਸਟਾਫ ਦੇ ਸੈਂਪਲ ਕੋਰੋਨਾ ਜਾਂਚ ਲਈ ਸਿਹਤ ਵਿਭਾਗ ਵੱਲੋਂ ਲਏ ਜਾਣ ਦੀ ਉਮੀਦ ਹੈ।