ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਸਾਈਬਰ ਕ੍ਰਾਈਮ ਰਾਹੀਂ ਠੱਗੀ ਮਾਰਨ ਵਾਲੇ 4 ਕਾਬੂ
Saturday, Sep 07, 2019 - 05:58 PM (IST)

ਦਸੂਹਾ (ਝਾਵਰ)— ਦਸੂਹਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸਾਈਬਰ ਕ੍ਰਾਈਮ ਦੇ ਕੌਮਾਂਤਰੀ ਪੱਧਰ ਗਿਰੋਹ ਦੇ 4 ਸਾਈਬਰ ਕ੍ਰਾਈਮ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਅਨਿਲ ਭਨੋਟ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਗੋਰਵ ਗਰਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਨ੍ਹਾਂ ਸਾਈਬਰ ਕ੍ਰਾਈਮ ਦੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਇੰਝ ਕੀਤੇ ਚਾਰੋਂ ਨੌਜਵਾਨ ਕਾਬੂ
ਉਨ੍ਹਾਂ ਨੇ ਦੱਸਿਆ ਕਿ ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਅਤੇ ਏ. ਐੱਸ. ਆਈ. ਅਨਿਲ ਕੁਮਾਰ ਦੀ ਡਿਊਟੀ ਲਗਾਈ ਗਈ ਜਦੋ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਦਿੱਲੀ, ਰੋਹਤਕ ਤੋਂਇਕ ਸਾਈਬਰ ਗੈਂਗ ਲੋਕਾਂ ਦੇ ਏ. ਟੀ. ਐੱਮ. ਰਾਹੀ ਪੈਸੇ ਕਢਵਾਉਂਦੇ ਸਨ ਅਤੇ ਇਹ 4 ਵਿਅਕਤੀ ਰੋਹਤਕ ਤੋਂ ਵੈਸ਼ਨੋ ਦੇਵੀ ਜਾਂਦੇ ਸਨ। ਰਸਤੇ 'ਚ ਜਿੱਥੇ ਵੀ ਇਨ੍ਹਾਂ ਦਾ ਦਾਅ ਲੱਗਦਾ ਸੀ ਸਵਾਈਪ ਮਸ਼ੀਨ ਰਾਹੀਂ ਠੱਗੀ ਕਰ ਲੈਂਦੇ ਸਨ, ਜਿਨ੍ਹਾਂ ਦੀਆਂ ਤਾਰਾਂ ਮੁੱਖ ਸਰਗਨੇ ਨਾਲ ਜੁੜੀਆਂ ਹੋਈਆ ਸਨ। ਉਨ੍ਹਾਂ ਕਿਹਾ ਕਿ ਬਲੱਗਣ ਚੌਕ ਨਜ਼ਦੀਕ ਪੁਲਸ ਨੇ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਾਰ ਨੰ. ਪੀ. ਬੀ-08-ਏਡ3080 ਨੂੰ ਜਦੋ ਰੋਕਿਆ ਤਾਂ ਇਸ 'ਚੋਂ ਏ. ਟੀ. ਐੱਮ. ਕਾਰਡ ਨਾਲ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਠੱਗਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ।
ਇੰਝ ਕਰਦੇ ਸਨ ਲੋਕਾਂ ਨਾਲ ਠੱਗੀ
ਮੁਲਜ਼ਮਾਂ ਦੀ ਪਛਾਣ ਰਮਨ ਪੁੱਤਰ ਵਿਜੇ ਪਾਲ ਰੋਹਤਕ, ਅਮਿਤ ਪੁੱਤਰ ਜਗਪਾਲ ਰੋਹਤਕ, ਇੰਦਲ ਉਰਫ ਜੈ ਪਾਲ ਪੁੱਤਰ ਕਾਹਨਾ ਰਾਮ ਜੀਂਦ ਅਤੇ ਮਨਜੀਤ ਸਿੰਘ ਪੁੱਤਰ ਸਤਵੀਰ ਸਿੰਘ ਜੀਂਦ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋ ਏ. ਟੀ. ਐੱਮ. ਕਾਰਡ, ਏ. ਟੀ. ਐੱਮ. ਕਾਰਡ ਕਲੋਨ ਤਿਆਰ ਕਰਨ ਵਾਲੀ ਮਸ਼ੀਨ, 6 ਏ. ਟੀ. ਐਮ. ਸਵਾਈਪ ਮਸ਼ੀਨ, 4 ਮੋਬਾਈਲ ਫੋਨ ਆਦਿ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਇਹ ਭੋਲੇ-ਭਾਲੇ ਲੋਕਾਂ ਦੇ ਏ. ਟੀ. ਐਮ. ਬਦਲ ਕੇ ਠੱਗੀਆਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾ ਨੇ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਵਿਚ ਠੱਗੀਆਂ ਕੀਤੀਆਂ ਹਨ।
ਉਹ ਚਾਰੇ ਏ. ਟੀ. ਐੱਮ. ਅੰਦਰ ਦਾਖਲ ਹੋ ਜਾਂਦੇ ਸਨ ਅਤੇ ਏ. ਟੀ. ਐੱਮ. ਅੰਦਰ ਖੜ੍ਹੇ ਗਾਹਕਾਂ ਦਾ ਏ. ਟੀ. ਐਮ. ਹੈਕ ਕਰ ਲੈਂਦੇ ਸਨ ਅਤੇ ਗਾਹਕਾਂ ਨੂੰ ਕਹਿੰਦੇ ਕਿ ਏ. ਟੀ. ਐੱਮ. ਬੰਦ ਹੋ ਗਿਆ ਹੈ ਅਤੇ ਉਹ ਗਾਹਕਾਂ ਗੱਲਾਂ 'ਚ ਲਗਾ ਕੇ ਏ. ਟੀ. ਐੱਮ. ਨੂੰ ਸਵਾਈਪ ਕਰ ਲੈਂਦੇ ਸਨ। ਫਿਰ ਬਲਿਊ ਟੁੱਥ ਰਾਹੀ ਮੈਸੇਜ ਇਨ੍ਹਾਂ ਦੇ ਮੁੱਖ ਅੱਡੇ 'ਤੇ ਪਹੁੰਚ ਜਾਂਦੇ ਸੀ ਅਤੇ ਉਹ ਗਾਹਕਾਂ ਦੇ ਬੈਂਕ 'ਚ ਪਏ ਪੈਸੇ ਕੱਢਵਾ ਲੈਂਦੇ ਸਨ। ਇਨ੍ਹਾਂ ਨੇ ਮੋਬਾਈਲ ਤੇ ਐਪ ਬਲਿਊ ਟੁੱਥ ਰਾਹੀ ਲੋਡ ਕਰ ਰੱਖਿਆ ਸੀ ਕਿ ਮੁੱਖ ਸਾਈਬਰ ਦਿੱਲੀ ਅਤੇ ਰੋਹਤਕ ਵਿਖੇ ਪੈਸੇ ਕਢਵਾਉਣ ਦਾ ਕੰਮ ਕਰ ਰਹੇ ਹਨ। ਡੀ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਇਨ੍ਹਾਂ 4 ਮੁਲਜ਼ਮਾਂ 'ਚੋਂ ਇਕ ਬਹੁਤ ਹੀ ਪੜ੍ਹਿਆ-ਲਿਖਿਆ ਨੌਜਵਾਨ ਹੈ, ਜਿਸ ਨੇ ਯੂ. ਪੀ. ਐੱਸ. ਸੀ. ਦਾ ਇਮਤਿਹਾਨ ਵੀ ਦਿੱਤਾ ਹੈ ਅਤੇ ਬਾਕੀ ਵੀ 3 ਦੋਸ਼ੀ ਪੜ੍ਹੇ-ਲਿਖੇ ਹਨ। ਡੀ. ਐੱਸ. ਪੀ. ਅਨਿਲ ਭਨੋਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫੋਨ ਆਉਣ 'ਤੇ ਅਪਣੇ ਏ. ਟੀ. ਐੱਮ. ਦਾ ਪਿੰਨ ਕੋਡ ਨਾ ਦੱਸਿਆ ਜਾਵੇ। ਉਕਤ ਚਾਰੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ।