ਚੈਕਿੰਗ ਦੌਰਾਨ ਕੈਦੀਆਂ ਤੋਂ 4 ਮੋਬਾਇਲ ਮਿਲੇ

Sunday, Mar 04, 2018 - 04:29 AM (IST)

ਚੈਕਿੰਗ ਦੌਰਾਨ ਕੈਦੀਆਂ ਤੋਂ 4 ਮੋਬਾਇਲ ਮਿਲੇ

ਅੰਮ੍ਰਿਤਸਰ,   (ਸੰਜੀਵ)-  ਕੇਂਦਰੀ ਜੇਲ ਫਤਾਹਪੁਰ 'ਚੋਂ ਕੈਦੀਆਂ ਤੋਂ ਮੋਬਾਇਲ ਬਰਾਮਦਗੀ ਦੇ ਮਾਮਲੇ ਕਿਉਂ ਨਹੀਂ ਰੁਕ ਰਹੇ? ਪਿਛਲੇ ਲੰਬੇ ਸਮੇਂ ਤੋਂ ਜੇਲ ਪ੍ਰਸ਼ਾਸਨ ਨੂੰ ਮੂੰਹ ਚਿੜਾ ਰਿਹਾ ਇਹ ਸਵਾਲ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਹੈ। ਹਾਲ ਹੀ 'ਚ ਜੇਲ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਸਪਲਾਈ ਕਰਨ ਵਾਲੇ ਜੇਲ ਵਿਚ ਹੀ ਤਾਇਨਾਤ ਵਾਰਡਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 7 ਮੋਬਾਇਲ ਬਰਾਮਦ ਕੀਤੇ ਗਏ ਸਨ। ਬਾਵਜੂਦ ਇਸ ਦੇ ਜ਼ਿਲਾ ਅਤੇ ਜੇਲ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹ ਰਹੀ। ਅੱਜ ਵੀ ਅਚਾਨਕ ਚੈਕਿੰਗ ਦੌਰਾਨ ਜੇਲ 'ਚ ਬੰਦ ਕੈਦੀਆਂ ਦੇ ਕਬਜ਼ੇ 'ਚੋਂ 4 ਮੋਬਾਇਲ ਬਰਾਮਦ ਕੀਤੇ ਗਏ। ਕੈਦੀਆਂ ਤੋਂ ਮੋਬਾਇਲਾਂ ਦੀ ਰਿਕਵਰੀ ਹੋਣ 'ਤੇ ਜੇਲ ਪ੍ਰਸ਼ਾਸਨ ਜੰਮ ਕੇ ਆਪਣੀ ਪਿੱਠ ਥਪਥਪਾਉਂਦਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਦੇ ਦੂਜੇ ਪਹਿਲੂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਿਸ ਵਿਚ ਜੇਲ ਦਾ ਸੁਰੱਖਿਆ ਚੱਕਰ ਜਿਸ ਨੂੰ ਤੋੜ ਕੇ ਕੈਦੀ ਗੈਰ-ਕਾਨੂੰਨੀ ਰੂਪ 'ਚ ਇਨ੍ਹਾਂ ਮੋਬਾਇਲਾਂ ਨੂੰ ਜੇਲ ਕੰਪਲੈਕਸ ਵਿਚ ਲੈ ਕੇ ਆਉਂਦੇ ਹਨ ਅਤੇ ਅੰਦਰ ਬੈਠ ਕੇ ਬਾਹਰ ਆਪਣਾ ਨੈੱਟਵਰਕ ਆਪ੍ਰੇਟ ਕਰਦੇ ਹਨ।
ਮਿਲੀਭੁਗਤ ਦਾ ਖਦਸ਼ਾ
ਹਾਈਟੈੱਕ ਹੋ ਚੁੱਕੀ ਕੇਂਦਰੀ ਜੇਲ ਦਾ ਸੁਰੱਖਿਆ ਪਹਿਰਾ ਇਸ ਕਦਰ ਸਖਤ ਹੈ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇਹ ਸਰਕਾਰੀ ਦਾਅਵੇ ਉਸ ਸਮੇਂ ਹਵਾ ਹੋ ਜਾਂਦੇ ਹਨ ਜਦੋਂ ਜੇਲ 'ਚ ਬੰਦ ਕੈਦੀਆਂ ਤੋਂ  ਮੋਬਾਇਲ ਅਤੇ ਗੈਰ-ਕਾਨੂੰਨੀ ਸਾਮਾਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਬਿਨਾਂ ਮਿਲੀਭੁਗਤ ਦੇ ਜੇਲ 'ਚ ਬੰਦ ਕੈਦੀ ਅਤੇ ਹਵਾਲਾਤੀ ਸੁਰੱਖਿਆ ਚੱਕਰ ਨੂੰ ਤੋੜ ਕੇ ਮੋਬਾਇਲ ਅੰਦਰ ਨਹੀਂ ਲਿਜਾ ਸਕਦੇ, ਇਸ ਪ੍ਰਤੀ ਜੇਲ ਪ੍ਰਸ਼ਾਸਨ ਗੰਭੀਰ ਨਹੀਂ ਹੈ। ਸਮਾਂ ਰਹਿੰਦੇ ਜੇਕਰ ਕੈਦੀਆਂ ਤੱਕ ਪੁੱਜਣ ਵਾਲੇ ਗੈਰ-ਕਾਨੂੰਨੀ ਸਾਮਾਨ ਦੇ ਰਸਤੇ ਨੂੰ ਨਾ ਤੋੜਿਆ ਗਿਆ ਤਾਂ ਕਿਸੇ ਸਮੇਂ ਵੱਡੀ ਵਾਰਦਾਤ ਵੀ ਸਾਹਮਣੇ ਆ ਸਕਦੀ ਹੈ।
ਮਾਮਲਾ ਨੰਬਰ 1
ਕੇਂਦਰੀ ਜੇਲ 'ਚ ਹੋਈ ਅਚਾਨਕ ਜਾਂਚ ਦੌਰਾਨ ਜੇਲ ਸੁਪਰਡੈਂਟ ਸਿਮਰਤਪਾਲ ਸਿੰਘ ਨੇ ਹਵਾਲਾਤੀ ਮਣੀ ਪ੍ਰਤਾਪ ਉਰਫ ਚੰਦਨ ਪ੍ਰਤਾਪ ਨਿਵਾਸੀ ਪੁਤਲੀਘਰ ਦੇ ਕਬਜ਼ੇ 'ਚੋਂ ਇਕ ਮੋਬਾਇਲ ਬਰਾਮਦ ਕੀਤਾ।
ਮਾਮਲਾ ਨੰਬਰ 2
ਇਸੇ ਤਰ੍ਹਾਂ ਹਵਾਲਾਤੀ ਵਿਜੇ ਕੁਮਾਰ  ਉਰਫ ਵਿੱਕੀ ਨਿਵਾਸੀ ਗੁਰੂ ਨਾਨਕਪੁਰਾ ਕੋਟਖਾਲਸਾ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ।
ਮਾਮਲਾ ਨੰਬਰ 3
ਜੇਲ ਸੁਪਰਡੈਂਟ ਸਿਮਰਤਪਾਲ ਸਿੰਘ ਨੇ ਹੀ ਹਵਾਲਾਤੀ ਵਿਸ਼ਾਲ ਸਿੰਘ ਉਰਫ ਸ਼ਾਲੂ ਨਿਵਾਸੀ ਕਲੇਰ ਦੇ ਕਬਜ਼ੇ 'ਚੋਂ ਸਿਮ ਅਤੇ ਇਕ ਮੋਬਾਇਲ ਬਰਾਮਦ ਕੀਤਾ।
ਮਾਮਲਾ ਨੰਬਰ 4
ਕੇਂਦਰੀ ਜੇਲ 'ਚ ਬੰਦ ਹਵਾਲਾਤੀਆਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਆਪਸੀ ਝਗੜੇ ਦੌਰਾਨ ਇਕ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਜਿਥੇ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਹਵਾਲਾਤੀ ਸੁਖਜਿੰਦਰ ਸਿੰਘ ਬਿੱਲਾ ਨਿਵਾਸੀ ਤੋਲਾਨੰਗਲ ਤੇ ਕੈਦੀ ਹਰਪ੍ਰੀਤ ਸਿੰਘ ਹੈਪੀ ਨਿਵਾਸੀ ਮਜੀਠਾ ਰੋਡ ਵਿਰੁੱਧ ਕੇਸ ਦਰਜ ਕੀਤਾ, ਉਥੇ ਹੀ ਸੁਖਜਿੰਦਰ ਸਿੰਘ ਬਿੱਲਾ ਦੇ ਕਬਜ਼ੇ 'ਚੋਂ ਇਕ ਮੋਬਾਇਲ ਵੀ ਬਰਾਮਦ ਹੋਇਆ।


Related News