ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 4 ਲੱਖ ਦੀ ਠੱਗੀ, ਮਾਮਲਾ ਦਰਜ
Friday, May 20, 2022 - 04:01 PM (IST)

ਮੋਗਾ (ਅਜ਼ਾਦ) : ਮੋਗਾ ਦੇ ਇਕ ਟਰੈਵਲ ਏਜੰਟ ਵੱਲੋਂ ਪਿੰਡ ਮੋਹਕਮ ਵਾਲਾ ਨਿਵਾਸੀ ਹਰਵਿੰਦਰ ਸਿੰਘ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਚਾਰ ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਅਵਨੀਤ ਇਮੀਗ੍ਰੇਸ਼ਨ ਕੰਸਲਟੈਂਟ ਅੰਮ੍ਰਿਤਸਰ ਰੋਡ ਮੋਗਾ ਦੇ ਸੰਚਾਲਕ ਜਸਵਿੰਦਰ ਸਿੰਘ ਉਰਫ ਰਾਜਵੀਰ ਸਿੰਘ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਉਸਨੇ ਆਪਣੇ ਦੋਸਤਾਂ ਰਾਹੀਂ ਟਰੈਵਲ ਏਜੰਟ ਜਸਵਿੰਦਰ ਸਿੰਘ ਉਰਫ ਰਾਜਵੀਰ ਸਿੰਘ ਨਾਲ 2019 ਵਿਚ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਉਸ ਨੂੰ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਗਵਾ ਕੇ ਦੇ ਦੇਵੇਗਾ, ਜਿਸ ਉਪਰ ਅੱਠ ਲੱਖ ਰੁਪਏ ਖਰਚਾ ਆਵੇਗਾ, ਜਿਸ ’ਤੇ ਮੈਂ ਆਪਣੇ ਸਾਰੇ ਦਸਤਾਵੇਜ਼ ਅਤੇ ਪਾਸਪੋਰਟ ਤੋਂ ਇਲਾਵਾ ਪੜ੍ਹਾਈ ਦੇ ਸਰਟੀਫਿਕੇਟ ਦੀਆਂ ਕਾਪੀਆਂ ਵੀ ਉਸ ਨੂੰ ਦੇ ਦਿੱਤੀਆਂ ਅਤੇ ਚਾਰ ਲੱਖ ਰੁਪਏ ਉਨ੍ਹਾਂ ਨੂੰ ਦਿੱਤੇ ਬਾਕੀ ਬਾਅਦ ਵਿਚ ਦੇਣ ਦੀ ਗੱਲ ਹੋਈ ਪਰ ਕਥਿਤ ਦੋਸ਼ੀ ਟਰੈਵਲ ਏਜੰਟ ਨੇ ਮੇਰੇ ਕੋਲੋਂ ਚਾਰ ਲੱਖ ਰੁਪਏ ਲੈਣ ਦੇ ਬਾਅਦ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲਗਵਾਇਆ ਅਤੇ ਟਾਲ ਮਟੋਲ ਕਰਨ ਲੱਗ ਪਿਆ।
ਇਸ ਤਰ੍ਹਾਂ ਮੇਰੇ ਨਾਲ ਚਾਰ ਲੱਖ ਰੁਪਏ ਦੀ ਠੱਗੀ ਕੀਤੀ ਗਈ। ਉਸਨੇ ਇਹ ਵੀ ਕਿਹਾ ਕਿ ਇਸ ਸਬੰਧ ਵਿਚ ਮੈਂ ਪਹਿਲਾਂ ਵੀ ਪੁਲਸ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ, ਜਿਸ ’ਤੇ ਸਾਡਾ ਦੋਹਾਂ ਧਿਰਾਂ ਵਿਚਕਾਰ ਸਮਝੋਤਾ ਹੋ ਗਿਆ ਅਤੇ ਜਸਵਿੰਦਰ ਸਿੰਘ ਨੇ 20 ਅਗਸਤ 2020 ਨੂੰ ਮੈਨੂੰ ਚਾਰ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਪਰ ਉਹ ਪਾਸ ਨਹੀਂ ਹੋ ਸਕਿਆ। ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਜਸਵਿੰਦਰ ਸਿੰਘ ਉਰਫ ਰਾਜਵੀਰ ਸਿੰਘ ਟਰੈਵਲ ਏਜੰਟ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।