ਪੈਸਿਆਂ ਕਾਰਨ ਪਈ ਯਾਰੀ ’ਚ ਦਰਾਰ, 4 ਦੋਸਤਾਂ ਨੇ ਮਿਲ ਕੇ 5ਵੇਂ ਨੂੰ ਉਤਾਰਿਆ ਮੌਤ ਦੇ ਘਾਟ
Friday, Mar 03, 2023 - 01:00 AM (IST)
 
            
            ਖਰੜ (ਜ. ਬ., ਅਮਰਦੀਪ, ਰਣਬੀਰ) : ਖਰੜ ਸਿਟੀ ਪੁਲਸ ਨੇ 18 ਫਰਵਰੀ ਤੋਂ ਗੁੰਮਸ਼ੁਦਾ ਰਜਿੰਦਰ ਸਿੰਘ ਉਰਫ ਲਵਲੀ (33 ਸਾਲ) ਦੇ ਕਤਲ ਦੇ ਦੋਸ਼ ’ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।ਖਰੜ ਸਿਟੀ ਥਾਣੇ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਿੰਦਰ ਸਿੰਘ ਮਲੇਰਕੋਟਲਾ ਦੇ ਮਹੋਲੀ ਖੁਰਦ ਦਾ ਰਹਿਣ ਵਾਲਾ ਸੀ ਅਤੇ ਖਰੜ ਵਿਖੇ ਕਾਰਾਂ ਦੀ ਖ਼ਰੀਦੋ-ਫਰੋਖ਼ਤ ਦਾ ਕੰਮ ਕਰਦਾ ਸੀ। ਉਹ ਖਰੜ ਵਿਖੇ ਹੀ ਮੁਲਜ਼ਮਾਂ ਹੀਰਾ ਸਿੰਘ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ ਅਤੇ ਮਨਜੋਤ ਸਿੰਘ ਨਾਲ ਰਹਿ ਰਿਹਾ ਸੀ ਅਤੇ ਉਹ ਆਨੰਦ ਨਗਰ ਵਿਖੇ ਰਹਿੰਦੇ ਸਨ। ਉਨ੍ਹਾਂ ਦਾ 40 ਹਜ਼ਾਰ ਰੁਪਏ ਦੇ ਲੈਣ-ਦੇਣ ਸਬੰਧੀ ਆਪਸ ਵਿਚ ਤਕਰਾਰ ਸੀ।
ਇਹ ਵੀ ਪੜ੍ਹੋ : ਲੇਬਰ ਕਰਨ ਦੀ ਆੜ ’ਚ ਕਰਦਾ ਸੀ ਅਫੀਮ ਦੀ ਤਸਕਰੀ, ਇੰਝ ਚੜ੍ਹਿਆ ਪੁਲਸ ਅੜਿੱਕੇ
ਇਨ੍ਹਾਂ ਸਾਰਿਆਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਇਕ ਕਾਰ 'ਚ ਸਵਾਰ ਹੋ ਕੇ ਚੱਲ ਪਏ। ਰਜਿੰਦਰ ਗੱਡੀ ਚਲਾ ਰਿਹਾ ਸੀ ਤੇ ਚਾਰਾਂ ਮੁਲਜ਼ਮਾਂ ਨੇ ਉਸ ਦੇ ਗਲ਼ ਵਿੱਚ ਪਰਨਾ ਪਾ ਕੇ ਉਸ ਦਾ ਸਾਹ ਘੁੱਟ ਦਿੱਤਾ। ਇਸ ਉਪਰੰਤ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਫਿਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸ ਨੂੰ ਬਾਹਰ ਸੁੱਟ ਲਿਆ ਅਤੇ ਕਤਲ ਕਰ ਦਿੱਤਾ। ਇਸ ਉਪਰੰਤ ਲਾਸ਼ ਨੂੰ ਮੋਰਿੰਡਾ-ਚੁੰਨੀ ਸੜਕ ’ਤੇ ਪਿੰਡ ਭਟੇੜੀ ਕੋਲ ਐੱਸ. ਵਾਈ. ਐੱਲ. ਨਹਿਰ ਵਿੱਚ ਸੁੱਟ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸ 'ਚੋਂ ਬਦਬੂ ਆਈ ਤਾਂ ਬੱਸੀ ਪਠਾਣਾ ਪੁਲਸ ਨੇ ਲਾਸ਼ ਕੱਢਵਾ ਕੇ ਆਪਣੇ ਕੋਲ ਰੱਖ ਲਈ। 23 ਫਰਵਰੀ ਨੂੰ ਮ੍ਰਿਤਕ ਸਬੰਧੀ ਖਰੜ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਮ੍ਰਿਤਕ ਦਾ ਏ. ਟੀ. ਐੱਮ. ਕਾਰਡ ਵਰਤ ਕੇ 2 ਢਾਈ ਲੱਖ ਰੁਪਏ ਕੱਢਵਾ ਲਏ। ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚਲਦਿਆਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ 'ਚ ਹੋਇਆ ਖੁਲਾਸਾ
ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਲੁਧਿਆਣਾ ਨਿਵਾਸੀ ਗਗਨ ਕੁਮਾਰ ਨੇ ਦੱਸਿਆ ਕਿ 18 ਫਰਵਰੀ ਨੂੰ ਉਸਦਾ ਜੀਜਾ ਰਜਿੰਦਰ ਗੁੜਗਾਓਂ ਤੋਂ ਵਾਪਸ ਆਇਆ ਸੀ। ਉਸ ਤੋਂ ਬਾਅਦ ਉਸਦੀ ਮੁਲਜ਼ਮਾਂ ਨਾਲ ਫੋਨ ’ਤੇ ਗੱਲਬਾਤ ਵੀ ਹੋਈ ਸੀ। ਉਸਨੇ ਦੱਸਿਆ ਕਿ ਸੋਮਵਾਰ ਉਹ ਲੁਧਿਆਣਾ ਆ ਜਾਵੇਗਾ। ਉਸ ਤੋਂ ਬਾਅਦ ਐਤਵਾਰ ਰਜਿੰਦਰ ਸਬੰਧੀ ਕੁਝ ਪਤਾ ਨਹੀਂ ਲੱਗਾ ਤੇ 23 ਫਰਵਰੀ ਨੂੰ ਉਸਦੀ ਗੁੰਮਸ਼ੁਦਗੀ ਸਬੰਧੀ ਸਿਟੀ ਪੁਲਸ ਸਟੇਸ਼ਨ ਖਰੜ ਵਿਖੇ ਰਿਪੋਰਟ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਜਲੰਧਰ : ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ
ਤਫਤੀਸ਼ ’ਚ ਖੁਲਾਸਾ ਹੋਇਆ ਕਿ ਰਜਿੰਦਰ ਸਿੰਘ ਪਹਿਲਾਂ ਵੀ ਮੁਲਜ਼ਮਾਂ ਨਾਲ ਸਕੋਡਾ ਗੱਡੀ ਵਿਚ ਘੁੰਮਦਾ ਰਹਿੰਦਾ ਸੀ। ਹੀਰਾ ਆਪਣੇ ਜੀਜਾ ਦੀ ਆਲਟੋ ਕਾਰ ਨੂੰ ਟੈਕਸੀ ਵਜੋਂ ਵਰਤਦਾ ਸੀ। ਆਲਟੋ ਦਾ ਕੁਝ ਸਮਾਂ ਪਹਿਲਾਂ ਹੀਰਾ ਤੋਂ ਐਕਸੀਡੈਂਟ ਹੋ ਗਿਆ ਸੀ, ਜਿਸਦੀ ਮੁਰੰਮਤ ਦੇ 40 ਹਜ਼ਾਰ ਰੁਪਏ ਹੀਰਾ ਨੂੰ ਭਰਨੇ ਪਏ ਸਨ। ਹੀਰਾ ਨੇ ਰਜਿੰਦਰ ਤੋਂ ਕਾਰ ’ਤੇ ਖਰਚ ਹੋਏ 40 ਹਜ਼ਾਰ ਰੁਪਏ ਕਈ ਵਾਰ ਮੰਗੇ ਸਨ। ਇਸ ਤੋਂ ਬਾਅਦ ਹੀਰਾ ਨੇ ਧੋਖੇ ਨਾਲ ਰਜਿੰਦਰ ਦੇ ਖਾਤੇ ਵਿਚੋਂ 40 ਹਜ਼ਾਰ ਰੁਪਏ ਆਪਣੇ ਖਾਤੇ ’ਚ ਟਰਾਂਸਫਰ ਕਰ ਲਏ ਸਨ। ਇਸ ਕਾਰਨ ਹੀਰਾ ਤੇ ਅਮਨਦੀਪ ਨਾਲ ਰਜਿੰਦਰ ਦੀ ਅਣਬਣ ਹੋ ਗਈ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            