ਸਰਥਲੀ ਦੇ ਮਿਡਲ ਸਕੂਲ ''ਚ ਵਿਦਿਆਰਥੀ 32; ਅਧਿਆਪਕ ਸਿਰਫ 1
Friday, Jan 26, 2018 - 01:37 AM (IST)
ਨੂਰਪੁਰਬੇਦੀ, (ਕਮਲਜੀਤ)- ਇਕ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਐਲਾਨ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਐਲਾਨਾਂ ਨੂੰ ਅਮਲੀ ਰੂਪ ਦੇਣ ਲਈ ਉਕਤ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਪੱਬਾਂ ਭਾਰ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਕਾਰਨ ਜਿਥੇ ਉੱਥੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ, ਉਥੇ ਹੀ ਉਹ ਸਕੂਲ ਬੰਦ ਹੋਣ ਕੰਢੇ ਪੁੱਜ ਗਏ ਹਨ। ਅਜਿਹੀ ਹੀ ਇਕ ਮਿਸਾਲ ਬਲਾਕ ਨੂਰਪੁਰਬੇਦੀ ਦੇ ਅਧੀਨ ਪੈਂਦੇ ਪਿੰਡ ਸਰਥਲੀ ਦੇ ਸਰਕਾਰੀ ਮਿਡਲ ਸਕੂਲ ਦੀ ਹੈ, ਜਿਥੇ ਅਧਿਆਪਕਾਂ ਦੀ ਕਮੀ ਕਾਰਨ ਇਹ ਸਕੂਲ ਜਿੰਦਰਾ ਲੱਗਣ ਦੇ ਕੰਢੇ ਪੁੱਜ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਵਿਜੇ ਕੁਮਾਰ, ਜੈ ਕੁਮਾਰ, ਹੁਸਨ, ਸ਼ਿਵ ਕੁਮਾਰ, ਗੋਲਡੀ ਕੁਮਾਰ, ਦਰਸ਼ਨ ਸਿੰਘ, ਗੁਰਨਾਮ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ 'ਚ 32 ਬੱਚੇ ਪੜ੍ਹਦੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਸਿਰਫ 2 ਅਧਿਆਪਕ ਨਿਯੁਕਤ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਇੱਥੇ ਹੋਰ ਨਵੇਂ ਅਧਿਆਪਕ ਤਾਂ ਕੀ ਭੇਜਣੇ ਸੀ, ਸਗੋਂ ਨਿਯੁਕਤ ਉਕਤ ਦੋਵਾਂ ਅਧਿਆਪਕਾਂ 'ਚੋਂ ਵੀ ਇਕ ਅਧਿਆਪਕਾ ਦੀ ਬਦਲੀ ਕਿਸੇ ਹੋਰ ਸਕੂਲ 'ਚ ਕਰ ਦਿੱਤੀ ਗਈ ਹੈ, ਜਿਸ ਕਾਰਨ ਇੱਥੇ ਹੁਣ ਸਿਰਫ ਇਕ ਅਧਿਆਪਕ ਹੀ ਰਹਿ ਗਿਆ ਹੈ। ਬੱਚਿਆਂ ਨੂੰ ਪੜ੍ਹਾਉਣ ਤੇ ਸਕੂਲ ਦੇ ਹੋਰ ਦਫਤਰੀ ਕੰਮਾਂ ਦਾ ਭਾਰ ਇਸੇ ਅਧਿਆਪਕ ਦੇ ਸਿਰ 'ਤੇ ਹੋਣ ਕਾਰਨ ਜਿਥੇ ਇਨ੍ਹਾਂ ਇਮਤਿਹਾਨਾਂ ਦੇ ਦਿਨਾਂ 'ਚ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਹੁਣ ਉਕਤ ਸਕੂਲ ਦੇ ਬੰਦ ਹੋਣ ਦੀ ਨੌਬਤ ਆ ਗਈ, ਜਿਸ ਕਾਰਨ ਇਸ ਸਕੂਲ ਵਿਚ ਪੜ੍ਹਨ ਵਾਲੇ ਗਰੀਬ ਤੇ ਆਮ ਘਰਾਂ ਦੇ ਉਹ ਬੱਚੇ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ, ਉਨ੍ਹਾਂ ਦਾ ਭਵਿੱਖ ਵੀ ਖਤਰੇ 'ਚ ਪੈਂਦਾ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਡੀ.ਈ.ਓ. ਰੋਪੜ ਨੂੰ ਮਿਲ ਕੇ ਸਕੂਲ ਦੀ ਹਾਲਤ ਬਾਰੇ ਦੱਸਦਿਆਂ ਉਕਤ ਅਧਿਆਪਕਾ ਜਿਸ ਦੀ ਬਦਲੀ ਦੂਜੇ ਸਕੂਲ ਵਿਚ ਕੀਤੀ ਗਈ ਹੈ, ਉਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੀ। ਜਿਸ 'ਤੇ ਡੀ.ਈ.ਓ. ਨੇ ਉਨ੍ਹਾਂ ਨੂੰ ਬੁੱਧਵਾਰ ਤੱਕ ਉਕਤ ਅਧਿਆਪਕਾ ਦੀ ਬਦਲੀ ਰੱਦ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਅੱਜ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਆਗਾਮੀ ਬੁੱਧਵਾਰ ਤੱਕ ਉਕਤ ਅਧਿਆਪਕਾ ਦੀ ਬਦਲੀ ਰੱਦ ਕਰ ਕੇ ਉਸ ਨੂੰ ਵਾਪਿਸ ਸਕੂਲ 'ਚ ਨਾ ਭੇਜਿਆ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਵੇਗਾ।
