30 ਸਾਲ ਪਹਿਲਾਂ ਆਈ.ਐੱਸ.ਆਈ. ਨੇ ਅੱਤਵਾਦ ਫੈਲਾਉਣ ਲਈ ਪੰਜਾਬ ’ਚ ਖੜ੍ਹਾ ਕੀਤਾ ਸੀ ਡਰੱਗਜ਼ ਦਾ ਕਾਰੋਬਾਰ
Friday, Nov 03, 2023 - 02:42 PM (IST)
ਜਲੰਧਰ (ਇੰਟ.) : ਪੰਜਾਬ ’ਚ ਅੱਤਵਾਦੀ-ਗੈਂਗਸਟਰ ਗਠਜੋੜ ਘਾਤਕ ਸਾਬਤ ਹੁੰਦਾ ਜਾ ਰਿਹਾ ਹੈ। ਇਸ ਗਠਜੋੜ ਦੀ ਕਹਾਣੀ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨੇ 90 ਦੇ ਦਹਾਕੇ ਵਿਚ ਲਿਖੀ ਸੀ। ਇਸ ਦੇ ਲਈ ਏਜੰਸੀ ਨੇ ਪੰਜਾਬ ਵਿਚ ਡਰੱਗਜ਼ ਦੇ ਕਾਰੋਬਾਰ ਦੀ ਬੁਨਿਆਦ ਰੱਖੀ, ਜਿਸ ਵਿਚ ਗੈਂਗਸਟਰ ਪੈਦਾ ਹੋਏ ਅਤੇ ਬਾਅਦ ’ਚ ਇਨ੍ਹਾਂ ਹੀ ਗੈਂਗਸਟਰਾਂ ਨੂੰ ਖਾਲਿਸਤਾਨ ਦੀ ਲੜਾਈ ਵਿਚ ਧੱਕ ਦਿੱਤਾ ਗਿਆ।
ਸੰਨ 2000 ਤੋਂ ਬਾਅਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਅੱਤਵਾਦੀ-ਗੈਂਗਸਟਰ ਗਠਜੋੜ ਤੋਂ ਬਾਅਦ ਡਰੱਗਜ਼ ਤੋਂ ਹੋਣ ਵਾਲੀ ਕਮਾਈ ਦਾ ਨਿਵੇਸ਼ ਵਿਦੇਸ਼ਾਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਰੈਪਰ ਗੰਨ ਕਲਚਰ ਅਤੇ ਹਿੰਸਾ ਨਾਲ ਜੁੜੇ ਪੰਜਾਬੀ ਗਾਣਿਆਂ ਨੂੰ ਪ੍ਰਮੋਟ ਕਰ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਈ.ਐੱਸ.ਆਈ. ਨੇ ਲਗਭਗ 30 ਸਾਲ ਦੀਆਂ ਲੰਮੀਆਂ ਸਾਜ਼ਿਸ਼ਾਂ ਤੋਂ ਬਾਅਦ ਭਾਰਤ ਖਿਲਾਫ ਇਹ ਨੈੱਟਵਰਕ ਵਿਦੇਸ਼ਾਂ ਤਕ ਖੜ੍ਹਾ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
ਖਾਤਮੇ ਤੋਂ ਬਾਅਦ ਕਿਉਂ ਮੁੜ ਪੈਦਾ ਹੋਇਆ ਅੱਤਵਾਦ?
ਪੰਜਾਬ ’ਚ 1992 ਵਿਚ ‘ਆਪ੍ਰੇਸ਼ਨ ਨਾਈਟ ਡੋਮੀਨੈਂਸ’ ਤੋਂ ਬਾਅਦ ਅੱਤਵਾਦ ਦੀਆਂ ਜੜ੍ਹਾਂ ਪੰਜਾਬ ਵਿਚੋਂ ਉਖੜ ਚੁੱਕੀਆਂ ਸਨ। ਖਾਲਿਸਤਾਨ ਦੀ ਲੜਾਈ ਵੀ ਰੁਕ ਚੁੱਕੀ ਸੀ। ਖੂਨ-ਖਰਾਬੇ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਸਨ, ਫਿਰ ਸਵਾਲ ਇਹ ਉੱਠਦਾ ਹੈ ਕਿ ਖਾਲਿਸਤਾਨੀ ਅੱਤਵਾਦ ਪੰਜਾਬ ’ਚ ਅਜੇ ਵੀ ਕਿਉਂ ਜ਼ਿੰਦਾ ਹੈ? ਇਸ ਦੇ ਲਈ ਥੋੜ੍ਹਾ ਅਤੀਤ ਵਿਚ ਝਾਕਣ ਦੀ ਲੋੜ ਹੈ। ਮਾਮਲੇ ਨਾਲ ਜੁੜੇ ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ ਪੁਲਸ ਨੇ 1994-95 ਤਕ ਅੱਤਵਾਦ ਦਾ ਖਾਤਮਾ ਕਰਨ ’ਚ ਕਾਮਯਾਬੀ ਤਾਂ ਹਾਸਲ ਕਰ ਲਈ ਸੀ ਪਰ ਜਿਨ੍ਹਾਂ ਲੋਕਾਂ ਨੇ ਇਸ ਦੌਰ ਵਿਚ ਆਪਣਿਆਂ ਨੂੰ ਗੁਆਇਆ ਸੀ, ਉਨ੍ਹਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਵਾਲਾ ਕੋਈ ਨਹੀਂ ਸੀ।
ਪਹਿਲਾਂ ਘੱਟ ਕਮਿਸ਼ਨ ’ਤੇ ਰੱਖੇ ਜਾਂਦੇ ਸਨ ਸਮੱਗਲਰ
ਯੂ.ਪੀ.ਐੱਸ.ਸੀ. ਲਈ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਸਿੱਖਿਆ ਮਾਹਿਰ ਪਵਨੀਤ ਸਿੰਘ ਕਹਿੰਦੇ ਹਨ ਕਿ ਰੂਸ ਦੇ ਅਫਗਾਨਿਸਤਾਨ ਵਿਚੋਂ ਜਾਣ ਤੋਂ ਬਾਅਦ ਪਾਕਿਸਤਾਨ ਨੂੰ ਸਮਝ ਆ ਗਈ ਸੀ ਕਿ ਡਰੱਗਜ਼ ਦੇ ਕਾਰੋਬਾਰ ਰਾਹੀਂ ਕਿਵੇਂ ਪੰਜਾਬ ’ਚ ਅਸ਼ਾਂਤੀ ਫੈਲਾਈ ਜਾ ਸਕਦੀ ਸੀ। ਅਮਰੀਕਾ ਵਲੋਂ ਦਿੱਤੇ ਇਸ ਸੁਝਾਅ ਨੂੰ ਉਸ ਨੇ ਪੰਜਾਬ ਵਿਚ ਲਾਗੂ ਕਰਨ ਦੀ ਯੋਜਨਾ ਤਿਆਰ ਕੀਤੀ। ਪਾਕਿਸਤਾਨ ਵਲੋਂ ਅਫਗਾਨਿਸਤਾਨ ਵਿਚ ਸ਼ੁਰੂ ਕੀਤੀ ਗਈ ਡਰੱਗਜ਼ ਦੀ ਪੈਦਾਵਾਰ ਦੀ ਖਪਤ ਕਰਨ ਲਈ ਆਈ.ਐੱਸ.ਐੱਸ. ਨੇ ਬਾਰਡਰ ਰਾਹੀਂ ਡਰੱਗਜ਼ ਪੰਜਾਬ ਵਿਚ ਭੇਜਣੀ ਸ਼ੁਰੂ ਕੀਤੀ। ਇਸ ਦੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਮਿਸ਼ਨ ’ਤੇ ਸਮੱਗਲਰ ਰੱਖੇ ਗਏ ਸਨ, ਜਿਨ੍ਹਾਂ ਨੂੰ ਡਰੱਗਜ਼ ਵੇਚਣ ਲਈ ਛੋਟੀ-ਮੋਟੀ ਕਮਿਸ਼ਨ ਦਿੱਤੀ ਜਾਂਦੀ ਸੀ ਅਤੇ ਡਰੱਗਜ਼ ਦੀ ਕਮਾਈ ਦਾ ਸਾਰਾ ਪੈਸਾ ਹਵਾਲਾ ਰਾਹੀਂ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ।
ਪੰਜਾਬ ’ਚ ਗੈਂਗਸਟਰ ਤੇ ਗੈਂਗਵਾਰ ਦੀ ਸ਼ੁਰੂਆਤ
ਪਵਨੀਤ ਸਿੰਘ ਕਹਿੰਦੇ ਹਨ ਕਿ ਆਈ.ਐੱਸ.ਆਈ. ਵਲੋਂ ਸ਼ੁਰੂ ਕੀਤਾ ਗਿਆ ਇਹ ਕਾਰੋਬਾਰ ਪੰਜਾਬ ਵਿਚ ਸੰਨ 2000 ਤਕ ਪੂਰੀ ਤਰ੍ਹਾਂ ਫੈਲ ਚੁੱਕਾ ਸੀ। ਪਾਕਿਸਤਾਨ ਤੋਂ ਆਈ ਡਰੱਗਜ਼ ਨੂੰ ਵੇਚਣ ਲਈ ਸਮੱਗਲਰਾਂ ਵਿਚ ਕੰਪੀਟੀਸ਼ਨ ਹੋਣ ਲੱਗਾ ਸੀ। ਆਪਸੀ ਦੁਸ਼ਮਣੀ ਕਾਰਨ ਇਹ ਸਮੱਗਲਰ ਕਈ ਧੜਿਆਂ ਵਿਚ ਵੰਡੇ ਗਏ ਅਤੇ ਪੰਜਾਬ ਵਿਚ ਗੈਂਗਸਟਰਾਂ ਤੇ ਗੈਂਗਵਾਰ ਦੇ ਯੁੱਗ ਦੀ ਸ਼ੁਰੂਆਤ ਹੋਈ। ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਆਈ.ਐੱਸ.ਆਈ. ਦੀ ਲੰਮੇ ਸਮੇਂ ਦੀ ਸਾਜ਼ਿਸ਼ ਤਹਿਤ ਹੀ ਹੋ ਰਿਹਾ ਸੀ। ਇਕ ਹੋਰ ਜਾਣਕਾਰੀ ਮੁਤਾਬਕ ਪੰਜਾਬ ਵਿਚ ਅੱਤਵਾਦ ਦੇ ਖਾਤਮੇ ਤੋਂ ਬਾਅਦ ਕਈ ਖਾਲਿਸਤਾਨੀ ਅੱਤਵਾਦੀਆਂ ਨੂੰ ਪਾਕਿਸਤਾਨ ਪਹਿਲਾਂ ਹੀ ਪਨਾਹ ਦੇ ਚੁੱਕਾ ਸੀ। ਇਨ੍ਹਾਂ ਵਿਚ ਵਾਧਵਾ ਸਿੰਘ, ਰਣਜੀਤ ਸਿੰਘ ਉਰਫ ਨੀਟਾ, ਪਰਮਜੀਤ ਸਿੰਘ ਪੰਜਵੜ, ਗਜੇਂਦਰ ਸਿੰਘ ਤੇ ਲਖਬੀਰ ਸਿੰਘ ਰੋਡ ਪ੍ਰਮੁੱਖਾ ਨਾਲ ਸ਼ਾਮਲ ਸਨ। ਇਨ੍ਹਾਂ ਗੈਂਗਸਟਰਾਂ ਦਾ ਇਹ ਪੁਰਾਣੇ ਖਾਲਿਸਤਾਨੀ ਅੱਤਵਾਦੀ ਮਾਰਗਦਰਸ਼ਨ ਕਰਨ ਲੱਗੇ ਸਨ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਜਲੰਧਰ ਹਾਈਵੇਅ 'ਤੇ ਵਾਪਰਿਆ ਜ਼ਬਰਦਸਤ ਹਾਦਸਾ, ਮਸ਼ਹੂਰ ਪ੍ਰਾਪਰਟੀ ਡੀਲਰ ਦੀ ਮੌਤ
ਮਿਊਜ਼ਿਕ ਦੇ ਨਾਂ ’ਤੇ ਗੰਨ ਕਲਚਰ ਤੇ ਹਿੰਸਾ ਨੂੰ ਉਤਸ਼ਾਹ
ਸਿੱਖਿਆ ਮਾਹਿਰ ਪਵਨੀਤ ਸਿੰਘ ਕਹਿੰਦੇ ਹਨ ਕਿ ਡਰੱਗਜ਼ ਤੇ ਫਿਰੌਤੀ ਦੇ ਧੰਦੇ ਨਾਲ ਕਮਾਏ ਪੈਸੇ ਦੀ ਵਰਤੋਂ ਹੁਣ ਕੈਨੇਡਾ ਵਰਗੇ ਦੇਸ਼ਾਂ ਵਿਚ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਵਿਚ ਕੀਤੀ ਜਾ ਰਹੀ ਹੈ, ਜਿੱਥੇ ਕੱਟੜਪੰਥੀਆਂ ਦੀ ਇੱਛਾ ਮੁਤਾਬਕ ਪੰਜਾਬ ਵਿਚ ਗੰਨ ਕਲਚਰ ਤੇ ਹਿੰਸਾ ਨੂੰ ਉਤਸ਼ਾਹ ਦੇਣ ਲਈ ਗਾਣੇ ਤਿਆਰ ਕੀਤੇ ਜਾ ਰਹੇ ਹਨ। ਇਸ ਵਿਚ ਟਰੂਡੋ ਸਰਕਾਰ ’ਚ ਸ਼ਾਮਲ ਇਕ ਪੰਜਾਬੀ ਨੇਤਾ ਵੀ ਇਸ ਤਰ੍ਹਾਂ ਦੇ ਈਵੈਂਟਸ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਿਹਾ ਹੈ। ਪਾਕਿਸਤਾਨ ਸਾਜ਼ਿਸ਼ ਤਹਿਤ ਪੰਜਾਬ ’ਚ ਨੈਤਿਕ ਰਿਸ਼ਤਿਆਂ ਨੂੰ ਖਤਮ ਕਰ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਪੰਜਾਬ ਵਿਚ ਡੇਰਿਆਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਤਣਾਅ ਦਾ ਅਸਲ ਕਾਰਨ ਵੀ ਪਾਕਿਸਤਾਨੀ ਆਈ.ਐੱਸ.ਆਈ. ਹੀ ਹੈ। ਇਸ ਲਈ ਸਰਕਾਰ ਨੂੰ ਪੰਜਾਬ ਸਬੰਧੀ ਠੋਸ ਰਣਨੀਤੀ ਤਿਆਰ ਕਰਨ ਦੀ ਲੋੜ ਹੈ।
ਕਿਵੇਂ ਤੇ ਕਦੋਂ ਸ਼ੁਰੂ ਹੋਇਆ ਡਰੱਗਜ਼ ਦਾ ਕਾਰੋਬਾਰ?
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ 1979 ਤੋਂ 1989 ਤਕ ਸੋਵੀਅਤ ਰੂਸ ਨੇ ਅਫਗਾਨਿਸਤਾਨ ਵਿਚ ਸੈਯਦ ਮੁਹੰਮਦ ਨਜ਼ੀਬੁੱਲ੍ਹਾ ਦੀ ਅਗਵਾਈ ਵਾਲੀ ਕਮਿਊਨਿਸਟ ਸਰਕਾਰ ਦੀ ਮੁਜਾਹਿਦੀਨਾਂ ਖਿਲਾਫ ਲੜਨ ਵਿਚ ਮਦਦ ਕੀਤੀ ਸੀ। ਇਸ ਜੰਗ ਦੌਰਾਨ ਅਮਰੀਕਾ ਸਮੇਤ ਪੱਛਮੀ ਦੇਸ਼ ਰੂਸ ਦੇ ਖਿਲਾਫ ਸਨ। ਕਿਹਾ ਜਾਂਦਾ ਹੈ ਕਿ ਜੰਗ ਵਿਚ ਰੂਸ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਅਤੇ ਡਰੱਗਜ਼ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਸੀ, ਜਿਸ ’ਤੇ ਅਮਲ ਕਰਦਿਆਂ ਆਈ.ਐੱਸ.ਆਈ. ਨੇ ਆਪਣੇ ਅਧਿਕਾਰੀਆਂ ਨੂੰ ਅਫਗਾਨਿਸਤਾਨ ਵਿਚ ਡਰੱਗਜ਼ ਦੇ ਕਾਰੋਬਾਰ ਵਿਚ ਧੱਕ ਦਿੱਤਾ ਸੀ। ਨਤੀਜਾ ਇਹ ਹੋਇਆ ਕਿ ਆਈ.ਐੱਸ.ਆਈ. ਦੇ ਇਸ ਕਾਰੋਬਾਰ ਨੇ ਰੂਸੀ ਫੌਜ ਨੂੰ ਡਰੱਗ ਐਡਿਕਟ ਤਾਂ ਬਣਾ ਹੀ ਦਿੱਤਾ, ਨਾਲ ਹੀ ਉਸ ਨੇ ਪੈਸਾ ਵੀ ਬਹੁਤ ਕਮਾਇਆ। ਕੁਝ ਇਤਿਹਾਸਕਾਰ ਰੂਸ ਦੀ ਫੌਜ ਦੀ ਨਾਕਾਮੀ ਦਾ ਕਾਰਨ ਡਰੱਗਜ਼ ਵੀ ਦੱਸਦੇ ਹਨ। ਰੂਸੀ ਫੌਜ ਦੇ 1989 ਵਿਚ ਵਾਪਸ ਆਉਣ ਤੋਂ ਬਾਅਦ ਆਈ.ਐੱਸ.ਆਈ. ਨੇ ਇਹੀ ਡਰੱਗਜ਼ ਦਾ ਕਾਰੋਬਾਰ ਪੰਜਾਬ ਵਿਚ ਸ਼ੁਰੂ ਕੀਤਾ, ਹਾਲਾਂਕਿ ਇਸ ਤੋਂ ਪਹਿਲਾਂ ਸੂਬੇ ਵਿਚ ਡਰੱਗਜ਼ ਦਾ ਰਿਵਾਜ ਨਾਮਾਤਰ ਸੀ।
ਡਰੱਗਜ਼ ਤੋਂ ਇਲਾਵਾ ਫਿਰੌਤੀ ਦਾ ਧੰਦਾ
ਦੱਸਿਆ ਜਾਂਦਾ ਹੈ ਕਿ 2010 ਤਕ ਡਰੱਗਜ਼ ਦੇ ਧੰਦੇ ਵਿਚ ਲੱਗੇ ਗੈਂਗਸਟਰ ਡਰੱਗਜ਼ ਤੋਂ ਇਲਾਵਾ ਫਿਰੌਤੀ ਤੋਂ ਵੀ ਪੈਸੇ ਕਮਾਉਣ ਲੱਗੇ ਸਨ। ਇਸੇ ਵਿਚਾਲੇ ਭਾਰਤ ਦੀ ਆਰਥਿਕ ਤੇ ਵਿਦੇਸ਼ ਨੀਤੀ ਤਹਿਤ ਵਿਦੇਸ਼ਾਂ ਵਿਚ ਕਈ ਤਰ੍ਹਾਂ ਦੇ ਰੋਜ਼ਗਾਰ ਪੈਦਾ ਹੋਣ ਲੱਗੇ ਅਤੇ ਡਰੱਗਜ਼ ਤੇ ਫਿਰੌਤੀ ਦੇ ਦਮ ’ਤੇ ਕਮਾਏ ਗਏ ਪੈਸੇ ਰਾਹੀਂ ਗੈਂਗਸਟਰ ਵਿਦੇਸ਼ਾਂ ਵਿਚ ਸੈਟਲ ਹੋਣ ਲੱਗੇ। ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਵਰਗੇ ਗੈਂਗਸਟਰ ਅੱਤਵਾਦੀ ਗਠਜੋੜ ਦੀ ਵੱਡੀ ਉਦਾਹਰਣ ਹਨ। ਆਈ.ਐੱਸ.ਆਈ. ਨੇ ਅੱਤਵਾਦੀ-ਗੈਂਗਸਟਰ ਗਠਜੋੜ ਨੂੰ ਵਿਦੇਸ਼ਾਂ ਵਿਚ ਮਜ਼ਬੂਤ ਕਰਨ ਲਈ ਗੈਂਗਸਟਰਾਂ ਨੂੰ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਸੈਟਲ ਕਰਾਇਆ ਜਿੱਥੇ ਉਹ ਖਾਲਿਸਤਾਨੀ ਕੱਟੜਪੰਥੀਆਂ ਦੇ ਸੰਪਰਕ ਵਿਚ ਆਏ। ਆਈ.ਐੱਸ.ਆਈ. ਦੀਆਂ ਹਦਾਇਤਾਂ ’ਤੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਇਹ ਸ਼ਖਸ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਾਉਣ ਅਤੇ ਉਨ੍ਹਾਂ ਨੂੰ ਕੱਟੜਪੰਥੀ ਬਣਾਉਣ ’ਚ ਲੱਗੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8