ਭਿਆਨਕ ਹਾਦਸੇ ਦੌਰਾਨ ਛੁੱਟੀ ਆਏ ਫ਼ੌਜੀ ਸਮੇਤ 3 ਨੌਜਵਾਨਾਂ ਦੀ ਮੌਤ, ਚਕਨਾਚੂਰ ਹੋ ਗਈ ਕਾਰ
Wednesday, Dec 22, 2021 - 09:26 AM (IST)
ਡਕਾਲਾ (ਨਰਿੰਦਰ) : ਪਟਿਆਲਾ-ਚੀਕਾ ਸਟੇਟ ਹਾਈਵੇਅ ’ਤੇ ਪਿੰਡ ਮੰਜਾਲ ਨੇੜੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਪਿੰਡ ਦੁੱਲਬਾ ਦੇ 3 ਨੌਜਵਾਨਾਂ ਦੀ ਮੌਤ ਹੋਣ ਅਤੇ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦਰਖੱਤ ਨਾਲ ਟੱਕਰਾ ਕੇ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਉਪਰੰਤ ਕਾਰ ਦੀ ਬਾਡੀ ਨੂੰ ਕੱਟ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਚੌਂਕੀ ਇੰਚਾਰਜ ਐੱਸ. ਆਈ. ਗੁਰਪ੍ਰੀਤ ਕੌਰ, ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਟੀਮ ਘਟਨਾ ਵਾਲੀ ਥਾਂ ਪੁੱਜੀ। ਜਾਣਕਾਰੀ ਦਿੰਦਿਆਂ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਸਬਾ ਬਲਬੇੜਾ-ਪੰਜੌਲਾ ਨੇੜਲੇ ਪਿੰਡ ਦੁੱਲਬਾ ਦਾ ਇਕ ਨੌਜਵਾਨ ਸੰਦੀਪ ਸਿੰਘ ਉਰਫ਼ ਲਵੀ (21) ਫ਼ੌਜ ਤੋਂ ਛੁੱਟੀ ਆਇਆ ਹੋਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ
ਪਿੰਡ ਦੇ ਹੋਰ ਨੌਜਵਾਨ ਲਖਵੀਰ ਸਿੰਘ (21), ਜਸਵੀਰ ਸਿੰਘ (22) ਅਤੇ ਸੁਲੱਖਣ ਸਿੰਘ (24) ਕਾਰ ’ਚ ਸਵਾਰ ਹੋ ਕੇ ਪਿੰਡ ਦੁੱਲਬਾਂ ਤੋਂ ਪਟਿਆਲਾ ਸ਼ਹਿਰ ਸ਼ਾਪਿੰਗ ਕਰਨ ਜਾ ਰਹੇ ਸਨ। ਜਦੋਂ ਇਹ ਚਾਰੇ ਦੋਸਤ ਪਿੰਡ ਤੋਂ ਤਕਰੀਬਨ 7 ਕਿਲੋਮੀਟਰ ਦੂਰ ਮੁੱਖ ਮਾਰਗ ’ਤੇ ਪਿੰਡ ਮੰਜਾਲ ਕੋਲ ਪੁੱਜੇ ਤਾਂ ਕਾਰ ਚਲਾ ਰਿਹਾ ਨੌਜਵਾਨ ਸੰਤੁਲਨ ਖੋਹ ਬੈਠਿਆ ਅਤੇ ਕਾਰ ਦਰਖੱਤ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ’ਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਕਾਰ ਦਾ ਲੋਹਾ ਕੱਟ ਕੇ ਬਾਹਰ ਕੱਢਿਆ ਗਿਆ ਅਤੇ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ 'ਤੇ 'ਨਵਜੋਤ ਸਿੱਧੂ' ਦਾ ਵੱਡਾ ਬਿਆਨ, 'ਇਹ ਤਾਂ ਸਿਰਫ ਪਹਿਲਾ ਕਦਮ'
ਛੁੱਟੀ ਆਏ ਫ਼ੌਜੀ ਨੌਜਵਾਨ (ਲਵੀ) ਨੇ 4-5 ਦਿਨ ਬਾਅਦ ਵਾਪਸ ਫ਼ੌਜ ਦੇ ਕੈਂਪ ’ਚ ਜਾਣਾ ਸੀ ਪਰ ਡਾਕਟਰਾਂ ਨੇ ਤਿੰਨ ਦੋਸਤਾਂ ਸੰਦੀਪ ਸਿੰਘ, ਜਸਵੀਰ ਸਿੰਘ ਅਤੇ ਲਖਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂ ਕਿ ਨੌਜਵਾਨ ਸੁਲੱਖਣ ਸਿੰਘ ਗੰਭੀਰ ਜ਼ਖਮੀ ਹੈ ਅਤੇ ਉਸ ਦਾ ਅਜੇ ਇਲਾਜ ਜਾਰੀ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ। ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਉਪਰੰਤ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ