ਘੰਟਾਘਰ ਨਾਲ ਲੱਗਦੀਆਂ 3 ਦੁਕਾਨਾਂ ਦੇ ਚੋਰਾਂ ਨੇ ਤੋੜੇ ਤਾਲੇ
Thursday, Feb 08, 2018 - 06:07 AM (IST)

ਹੁਸ਼ਿਆਰਪੁਰ, (ਅਮਰਿੰਦਰ)- ਬੀਤੀ ਰਾਤ ਸ਼ਹਿਰ ਦੇ ਅੰਦਰ ਸਿਟੀ ਥਾਣੇ ਦੇ ਨਾਲ ਲੱਗਦੇ ਕੋਤਵਾਲੀ ਬਾਜ਼ਾਰ ਤੇ ਰੇਲਵੇ ਰੋਡ 'ਤੇ ਸਥਿਤ 3 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਚੋਰੀ ਕਰਨ ਦੀ ਯਤਨ ਕੀਤਾ। ਚਾਹੇ ਚੋਰ ਦੁਕਾਨਾਂ ਦਾ ਜ਼ਿਆਦਾ ਨੁਕਸਾਨ ਕਰਨ 'ਚ ਕਾਮਯਾਬ ਨਹੀਂ ਹੋਏ ਪਰ ਫ਼ਿਰ ਵੀ ਲੋਕਾਂ ਨੂੰ ਸੁਰੱਖਿਆ ਦੇਣ ਦਾ ਦਮ ਭਰਨ ਵਾਲੀ ਪੰਜਾਬ ਪੁਲਸ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕੋਤਵਾਲੀ ਬਾਜ਼ਾਰ 'ਚ ਚੋਰਾਂ ਦੁਆਰਾ ਤੋੜੇ ਗਏ ਸ਼ਟਰ ਤੇ ਤਾਲੇ ਨੂੰ ਦਿਖਾਉਂਦੇ ਟੈਲੀਕਾਮ ਦੁਕਾਨ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਦੁਕਾਨ ਨੂੰ ਬੰਦ ਕਰਕੇ ਰਾਤ ਦੇ ਸਮੇਂ ਉਹ ਦੁਕਾਨ 'ਚ ਪਏ ਸਾਰੇ ਮੋਬਾਇਲ ਤੇ ਲੈਪਟਾਪ ਆਪਣੇ ਨਾਲ ਲੈ ਜਾਂਦੇ ਹਨ। ਇਸ ਲਈ ਉਨ੍ਹਾਂ ਦਾ ਬਚਾਅ ਹੋ ਗਿਆ ਨਹੀਂ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਸੀ। ਇਸੇ ਗਲੀ 'ਚ ਟੀ.ਵੀ. ਕੇਅਰ ਨਾਂ ਦੀ ਦੁਕਾਨ 'ਚ ਵੀ ਚੋਰਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਦਿੱਤਾ ਪਰ ਦੂਜਾ ਤਾਲਾ ਤੋੜ ਨਾ ਸਕੇ। ਦੁਕਾਨ ਮਾਲਕ ਜਤਿੰਦਰ ਭੱਲਾ ਤੇ ਸੰਦੀਪ ਪੁਰੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ 'ਤੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਕ ਤਾਲਾ ਨਹੀਂ ਟੁੱਟ ਸਕਣ ਕਾਰਨ ਚੋਰੀ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਇਸੇ ਤਰ੍ਹਾਂ ਸਿਟੀ ਥਾਣੇ ਦੇ ਦੂਜੀ ਤਰਫ ਰੇਲਵੇ ਰੋਡ 'ਤੇ ਵੀ ਚੋਰਾਂ ਨੇ ਫਾਇਰ ਬ੍ਰਿਗੇਡ ਦੇ ਕੋਲ ਇਕ ਮੋਬਾਇਲ ਸ਼ਾਪ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਅੰਦਰ ਜਦੋਂ ਚੋਰ ਚੋਰੀ ਕਰ ਰਹੇ ਸੀ ਤਾਂ ਅਚਾਨਕ ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਫਾਇਰ ਬਿਗ੍ਰੇਡ ਕਰਮਚਾਰੀ ਕਮਰੇ ਤੋਂ ਬਾਹਰ ਨਿਕਲਣ ਲੱਗੇ ਤਾਂ ਚੋਰ ਮੌਕੇ ਤੋਂ ਫ਼ਰਾਰ ਹੋ ਗਏ।