ਚੋਰੀ ਦੇ ਮੋਟਰਸਾਈਕਲ ਸਮੇਤ 3 ਲੋਕ ਗ੍ਰਿਫ਼ਤਾਰ
Sunday, Sep 21, 2025 - 02:33 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਤਲਵੰਡੀ ਭਾਈ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ 'ਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਹਨੀ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਆਵਾ ਬਸਤੀ ਫਿਰੋਜ਼ਪੁਰ, ਅਰਸ਼ਦੀਪ ਸਿੰਘ ਪੁੱਤਰ ਪਰਵਿੰਦਰ ਸਿੰਘ ਅਤੇ ਸੋਰਵ ਪੁੱਤਰ ਕ੍ਰਿਸ਼ਨ ਲਾਲ ਵਾਸੀਅਨ ਬਸਤੀ ਬੋਰੀਆਂ ਵਾਲੀ ਫਿਰੋਜ਼ਪੁਰ ਚੋਰੀਆਂ ਕਰਨ ਦੇ ਆਦੀ ਹਨ।
ਉਹ ਹੁਣ ਵੀ ਹੋਰ ਚੋਰੀ ਕਰਨ ਦੀ ਫਿਰਾਕ ਵਿਚ ਚੋਰੀ ਕੀਤੇ ਮੋਟਰਸਾਈਕਲ ’ਤੇ ਦਾਣਾ ਮੰਡੀ ਤਲਵੰਡੀ ਭਾਈ ਸੁੰਨਸਾਨ ਜਗ੍ਹਾ ’ਤੇ ਮੌਜੂਦ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਸਮੇਤ ਚੋਰੀ ਕੀਤੇ ਮੋਟਰਸਾਈਕਲ ਕਾਬੂ ਆ ਸਕਦੇ ਹਨ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ’ਤੇ ਛਾਪੇਮਾਰੀ ਕੀਤੀ ਤਾਂ ਉਸ ਕੋਲੋਂ ਇਕ ਮੋਟਰਸਾਈਕਲ ਸੀ. ਡੀ. ਡੀਲਕਸ ਬਿਨਾ ਨੰਬਰੀ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।