ਮਾਂ-ਪੁੱਤ ਦੇ 3 ਕਾਤਲਾਂ ਨੂੰ ਉਮਰ ਕੈਦ ਤੇ ਜੁਰਮਾਨਾ, ਤੇਜਧਾਰ ਹੱਥਿਆਰਾ ਨਾਲ ਕੀਤਾ ਸੀ ਕਤਲ
Wednesday, Sep 13, 2017 - 02:09 PM (IST)

ਬਠਿੰਡਾ (ਵਰਮਾ) - ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੰਗਲਵਾਰ ਨੂੰ ਇਕ ਅਹਿਮ ਮਾਮਲੇ ਦਾ ਫੈਸਲਾ ਸੁਣਾਉਂਦਿਆਂ ਮਾਂ-ਪੁੱਤ ਦੇ ਕਤਲ ਦੇ ਦੋਸ਼ 'ਚ 3 ਕਾਤਲਾਂ ਨੂੰ ਉਮਰ ਕੈਦ ਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। 2014 'ਚ ਮੁਲਜ਼ਮਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 100 ਫੀਟ ਰੋਡ 'ਤੇ ਕਲਾਕ ਟਾਵਰ ਨਜ਼ਦੀਕ 8 ਫਰਵਰੀ 2014 ਦੀ ਰਾਤ ਨੂੰ ਨਰਿੰਦਰਪਾਲ ਕੌਰ ਤੇ ਉਸ ਦੇ ਬੇਟੇ ਰੁਪਿੰਦਰ ਸਿੰਘ ਦੇ ਘਰ 'ਚ ਦਾਖਲ ਹੋ ਕੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਮੁਲਜ਼ਮਾਂ ਨੇ ਤੇਜ਼ਧਾਰ ਹੱਥਿਆਰਾਂ ਨਾਲ ਬੇਰਹਿਮੀ ਨਾਲ ਦੋਵਾਂ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੇ ਜਵਾਈ ਗੁਰਤੇਜ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਪੁਲਸ ਨੇ ਸੁਰਜੀਤ ਸਿੰਘ, ਗੁਰਮੀਤ ਸਿੰਘ ਤੇ ਜਗਜੀਤ ਸਿੰਘ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਛਾਪੇਮਾਰੀ ਕਰ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਜ਼ਿਲਾ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਵਕੀਲਾਂ ਦੀ ਬਹਿਸ ਤੋਂ ਬਾਅਦ ਪੀੜਤ ਪੱਖ ਦੇ ਵਕੀਲਾਂ ਨਾਲ ਰਾਜ਼ੀ ਹੁੰਦੇ ਹੋਏ ਜੇਲ 'ਚ ਬੰਦ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਜੁਰਮਾਨਾ ਕੀਤਾ।