130 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਤਿੰਨ ਨੌਜਵਾਨ ਕਾਬੂ
Saturday, Jul 22, 2017 - 06:27 PM (IST)
ਹੁਸ਼ਿਆਰਪੁਰ(ਅਸ਼ਵਨੀ)— ਜ਼ਿਲਾ ਪੁਲਸ ਵਲੋਂ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਵਿਅਕਤੀਆਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਜਾਰੀ ਰੱਖਦਿਆਂ ਪੁਲਸ ਨੇ 3 ਹੋਰ ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਸਮੇਤ ਨਸ਼ਾ ਵਿਰੋਧੀ ਐਕਟ ਦੀ ਧਾਰਾ 22,61,85 ਤਹਿਤ ਗ੍ਰਿਫਤਾਰ ਕੀਤਾ ਹੈ। ਥਾਣਾ ਮੇਹਟੀਆਣਾ ਅਧੀਨ ਆਉਂਦੀ ਪੁਲਸ ਚੌਕੀ ਕੋਟ ਫਤੂਹੀ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਬਹਿਬਲਪੁਰ ਕੋਲ ਗਸ਼ਤ ਦੌਰਾਨ ਦਿਲਬਾਗ ਸਿੰਘ ਉਰਫ ਬਾਘਾ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਲਹਿਲ ਕਲਾਂ ਥਾਣਾ ਗੋਰਾਇਆ ਜ਼ਿਲਾ ਜਲੰਧਰ ਦੇ ਕਬਜ਼ੇ 'ਚੋਂ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁਲਸ ਵਲੋਂ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਸਾਂਧਰਾ-ਚੱਕੋਵਾਲ ਮੋੜ ਕੋਲ ਇਕ ਮੋਟਰਸਾਈਕਲ ਨੰਬਰ ਪੀ. ਬੀ 02-ਡੀ ਏ-8845 'ਤੇ ਸਵਾਰ ਦੋ ਵਿਅਕਤੀਆਂ ਪਰਮਜੀਤ ਸਿੰਘ ਉਰਫ ਰਿੰਕੂ ਪੁੱਤਰ ਮਹਿੰਦਰ ਸਿੰਘ ਵਾਸੀ ਬੱਸੀ ਪੁਰਾਣੀ, ਥਾਣਾ ਸਦਰ, ਹੁਸ਼ਿਆਰਪੁਰ ਅਤੇ ਕਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੁਲਤਾਨਵਿੰਡ ਰੋਡ, ਨਾਮਦੇਵ ਕਾਲੋਨੀ ਅੰਮ੍ਰਿਤਸਰ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ ਵਿਚੋਂ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਕਰਨੈਲ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਪਰਮਜੀਤ ਸਿੰਘ ਫਰਾਰ ਹੋ ਗਿਆ।
ਇਸੇ ਤਰ੍ਹਾਂ ਥਾਣਾ ਹਰਿਆਣਾ ਦੀ ਪੁਲਸ ਨੇ ਚੋਅ ਬੰਨ੍ਹ ਕੈਲੇਂ ਪਿੰਡ ਕੋਲ ਲਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਖਿਆਲਾ ਬੁਲੰਦਾ ਥਾਣਾ ਗੜ੍ਹਦੀਵਾਲਾ ਦੇ ਕਬਜ਼ੇ ਵਿਚੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਵਲੋਂ ਸਾਰੇ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
