ਲੋਕਾਂ ਨੂੰ ਡਰਾ-ਧਮਕਾ ਕੇ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 3 ਨਸ਼ਾ ਸਮੱਗਲਰ ਗ੍ਰਿਫ਼ਤਾਰ

Sunday, Jul 07, 2024 - 11:45 AM (IST)

ਜਲੰਧਰ/ਨਕੋਦਰ (ਸ਼ੋਰੀ, ਪਾਲੀ)- ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰਕੇ ਲੋਕਾਂ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਮਾਮਲੇ ਨੂੰ ਪੁਲਸ ਨੇ ਟਰੇਸ ਕਰਕੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇੰਨਾ ਹੀ ਨਹੀਂ, ਕਾਬੂ ਕੀਤੇ ਦੋਸ਼ੀਆਂ ’ਚੋਂ ਇਕ ਗੁਜਰਾਤ ਮੁਦਰਾ ਬੰਦਰਗਾਹ ’ਤੇ ਪੁੱਜੀ 2988 ਕਿਲੋ ਹੈਰੋਇਨ ਦੀ ਖੇਪ ਦੇ ਦਰਜ ਕੇਸ ’ਚ ਭਗੌੜਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ 29 ਜੂਨ ਨੂੰ ਮਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਢੱਡਾ ਹਰੀਪੁਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

ਇਸ ਸਬੰਧੀ ਪੀੜਤ ਨੇ ਥਾਣਾ ਸਦਰ ਨਕੋਦਰ ’ਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਮਲਾ ਦਰਜ ਕੀਤਾ। ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਕਿ ਡੀ. ਐੱਸ. ਪੀ. (ਡੀ) ਅਤੇ ਸੀ. ਆਈ. ਏ. ਇੰਚਾਰਜ ਪੁਸ਼ਪਬਾਲੀ ਦੀ ਅਗਵਾਈ ’ਚ ਸਪੈਸ਼ਲ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਟੈਕਨਾਲੋਜੀ ਅਤੇ ਪੁਲਸ ਸੂਤਰਾਂ ਦੀ ਮਦਦ ਨਾਲ ਮਾਮਲੇ ਨੂੰ ਟਰੇਸ ਕਰਕੇ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਪਰਮਿੰਦਰਜੀਤ ਸਿੰਘ ਵਾਸੀ ਧਰਮੀਵਾਲ ਸ਼ਾਹਕੋਟ ਨੂੰ 4 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 12 ਸਾਲਾ ਬੱਚੇ ਦੀ ਹੋਈ ਮੌਤ

ਉਪਰੰਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੰਗਲੈਂਡ ’ਚ ਬੈਠੇ ਜਗਦੀਪ ਸਿੰਘ ਜੱਗਾ ਵਾਸੀ ਪਿੰਡ ਫੁਕੀਵਾਲ ਕਪੂਰਥਲਾ ਅਤੇ ਗਾਲਾ ਪੁੱਤਰ ਸ਼ੇਰ ਵਾਸੀ ਪਿੰਡ ਆਲੀ ਕਲਾਂ ਕਪੂਰਥਲਾ ਦੋਵਾਂ ਨੇ ਮਿਲ ਕੇ ਮਨਪ੍ਰੀਤ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਵਾਰਡ ਨੰ. 12 ਲੋਹੀਆਂ ਨੇ ਪੀੜਤ ਮਨਪ੍ਰੀਤ ਸਿੰਘ ਦਾ ਮੋਬਾਈਲ ਨੰਬਰ ਤੇ ਪੂਰੀ ਜਾਣਕਾਰੀ ਲੀਕ ਕੀਤੀ ਸੀ।
ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇਸ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਹੈ। ਇਸ ਕੇਸ ’ਚ ਸਪੈਸ਼ਲ ਟੀਮ ਵੱਲੋਂ ਜੋਬਨਜੀਤ ਸਿੰਘ ਉਰਫ਼ ਜੋਬਨ ਪੁੱਤਰ ਬਲਵਿੰਦਰ ਸਿੰਘ ਵਾਸੀ ਧੜਾਲ ਅੰਮ੍ਰਿਤਸਰ ਤੇ ਕੁਲਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ. 5 ਲੋਹੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਜੋਬਨਜੀਤ ਸਿੰਘ ਕੋਲੋਂ 32 ਬੋਰ ਦਾ ਪਿਸਤੌਲ ਤੇ 5 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤੇ ਹਨ।

ਫਿਰੌਤੀ ਨਾ ਮਿਲਣ ਦੀ ਸੂਰਤ ’ਚ ਹਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਕੁਲਵਿੰਦਰ ਸਿੰਘ ਤੇ ਜੋਬਨਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ’ਤੇ ਗੋਲੀਆਂ ਚਲਾਉਣੀਆਂ ਸਨ। ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਜੋਬਨਜੀਤ ਸਿੰਘ ਨੂੰ ਅਹਿਮਦਾਬਾਦ ਦੇ ਐਂਟੀ ਟੈਰੋਰਿਸਟ ਸਕੁਐਡ ਨੇ ਗ੍ਰਿਫ਼ਤਾਰ ਕਰਕੇ 200 ਕਿਲੋ 788 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। 16.2.2024 ਨੂੰ ਅੰਮ੍ਰਿਤਸਰ ਵਿਖੇ ਇਕ ਕੇਸ ’ਚ ਪੇਸ਼ੀ ਦੌਰਾਨ ਇਕ ਢਾਬੇ ’ਤੇ ਖਾਣਾ ਖਾਣ ਸਮੇਂ ਜੰਡਿਆਲਾ ਗੁਰੂ ਤੋਂ ਜੋਬਨ ਪੁਲਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਪੁਲਸ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਵੇਗੀ।

ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਹੌਲਦਾਰ ਨੂੰ ਕੀਤਾ ਗ੍ਰਿਫ਼ਤਾਰ

ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨਾਲ ਸਬੰਧਾਂ ਦੀ ਹੋਵੇਗੀ ਜਾਂਚ
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਹਰਜਿੰਦਰ ਖ਼ਿਲਾਫ਼ 3 ਅਤੇ ਜੋਬਨਜੀਤ ਖ਼ਿਲਾਫ਼ 4 ਕੇਸ ਦਰਜ ਹਨ। ਇਹ ਗੈਂਗ ਬਣਾ ਕੇ ਲੋਕਾਂ ਤੋਂ ਫਿਰੌਤੀ ਮੰਗਦੇ ਸਨ। ਹੁਣ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਐੱਸ. ਐੱਸ. ਪੀ. ਗੁਪਤਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਵਿਦੇਸ਼ ’ਚ ਬੈਠੇ ਗੈਂਗਸਟਰਾਂ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੇ ਮੈਦਾਨ 'ਚ ਉਤਰੇ CM ਮਾਨ, ਜਾਣੋ ਕੌਣ ਨੇ ਮੋਹਿੰਦਰ ਭਗਤ, ਜਿਸ ਲਈ 'ਆਪ' ਹੋਈ ਪੱਬਾਂ ਭਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News