PGI ''ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ
Monday, Nov 02, 2026 - 02:39 PM (IST)
ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ਚੰਡੀਗੜ੍ਹ ਦੇ ਯੂਰੋਲੋਜੀ ਵਿਭਾਗ ਦੀ ਟੀਮ ਨੇ ਇਕੋ ਆਪਰੇਸ਼ਨ ਥੀਏਟਰ ’ਚ ਸਿਰਫ਼ 8 ਘੰਟਿਆਂ ਦੌਰਾਨ ਬਲੈਡਰ ਕੈਂਸਰ ਦੇ ਤਿੰਨ ਗੁੰਝਲਦਾਰ ਆਪਰੇਸ਼ਨ ਸਫ਼ਲਤਾ ਪੂਰਵਕ ਕਰਕੇ ਅਹਿਮ ਪ੍ਰਾਪਤੀ ਦਰਜ ਕੀਤੀ ਹੈ। ਸਵੇਰੇ 8 ਵਜੇ ਸ਼ੁਰੂ ਹੋਏ ਇਹ ਆਪਰੇਸ਼ਨ ਸ਼ਾਮ 4 ਵਜੇ ਤੱਕ ਮੁਕੰਮਲ ਕੀਤੇ ਗਏ। ਖ਼ਾਸ ਗੱਲ ਇਹ ਰਹੀ ਕਿ ਤਿੰਨਾਂ ਵਿਚੋਂ ਕਿਸੇ ਵੀ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਨਹੀਂ ਪਈ ਅਤੇ ਸਾਰੇ ਮਰੀਜ਼ਾਂ ਦੀ ਹਾਲਤ ਤਸੱਲੀ ਬਖ਼ਸ਼ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਇਹ ਤਿੰਨੇ ਆਪਰੇਸ਼ਨ ਯੂਰੋਲੋਜੀ ਵਿਭਾਗ ਦੇ ਯੂਨਿਟ-2 ਦੇ ਮੁਖੀ ਪ੍ਰੋ. (ਡਾ.) ਸੰਤੋਸ਼ ਕੁਮਾਰ ਦੀ ਅਗਵਾਈ ਹੇਠ ਕੀਤੇ ਗਏ। ਇਨ੍ਹਾਂ ਨੂੰ ਰੈਡੀਕਲ ਸਿਸਟੈਕਟੋਮੀ ਕਿਹਾ ਜਾਂਦਾ ਹੈ। ਇਸ ਸਰਜਰੀ ਦੌਰਾਨ ਕੈਂਸਰ ਨਾਲ ਪ੍ਰਭਾਵਿਤ ਬਲੈਡਰ ਦੇ ਨਾਲ ਪੇਡੂ ਦੇ ਲਿੰਫ ਨੋਡਜ਼ ਵੀ ਕੱਢੇ ਜਾਂਦੇ ਹਨ। ਇਸ ਤੋਂ ਬਾਅਦ ਅੰਤੜੀ ਦੇ ਇਕ ਹਿੱਸੇ ਦੀ ਮਦਦ ਨਾਲ ਪਿਸ਼ਾਬ ਦੇ ਨਿਕਾਸ ਲਈ ਨਵਾਂ ਰਸਤਾ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨਾਂ ਦੀ ਆਰ. ਸੀ. ਟਰਾਂਸਫਰ ਨੂੰ ਲੈ ਕੇ ਵੱਡੀ ਖ਼ਬਰ, RTO ਤੋਂ ਬਿਨਾਂ ਹੀ ਆਟੋ ਅਪਰੂਵ ਹੋ ਰਹੀ...
ਇਕ ਸਰਜਰੀ ’ਚ ਲੱਗ ਸਕਦੇ ਹਨ 4 ਤੋਂ 8 ਘੰਟੇ
ਰੈਡੀਕਲ ਸਿਸਟੈਕਟੋਮੀ ਬੇਹੱਦ ਗੁੰਝਲਦਾਰ ਸਰਜਰੀ ਮੰਨੀ ਜਾਂਦੀ ਹੈ, ਜਿਸ ਨੂੰ ਕਰਨ ’ਚ ਆਮ ਤੌਰ ’ਤੇ 4 ਤੋਂ 8 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ। ਅਜਿਹੇ ਵਿਚ ਇਕੋ ਦਿਨ ਅਤੇ ਇਕੋ ਆਪਰੇਸ਼ਨ ਥੀਏਟਰ ’ਚ ਲਗਾਤਾਰ ਤਿੰਨ ਸਰਜਰੀਆਂ ਕਰਨਾ ਵੱਡੀ ਚੁਣੌਤੀ ਸੀ। ਇਸ ਲਈ ਸਰਜੀਕਲ ਹੁਨਰ ਦੇ ਨਾਲ-ਨਾਲ ਐਨੇਸਥੀਸੀਆ ਪ੍ਰਬੰਧ, ਖ਼ੂਨ ਦੇ ਨੁਕਸਾਨ ’ਤੇ ਕਾਬੂ ਅਤੇ ਹਰੇਕ ਮਰੀਜ਼ ਦੀ ਲਗਾਤਾਰ ਨਿਗਰਾਨੀ ਬੇਹੱਦ ਅਹਿਮ ਸੀ।
ਵਿਸ਼ਵ ਪੱਧਰ ’ਤੇ ਪਹਿਲੀ ਪ੍ਰਾਪਤੀ ਹੋਣ ਦਾ ਦਾਅਵਾ
ਪ੍ਰੋ. ਸੰਤੋਸ਼ ਕੁਮਾਰ ਅਨੁਸਾਰ ਉਪਲੱਬਧ ਜਾਣਕਾਰੀ ਦੇ ਆਧਾਰ ’ਤੇ ਇਕੋ ਆਪਰੇਸ਼ਨ ਥੀਏਟਰ ’ਚ ਇੰਨੇ ਘੱਟ ਸਮੇਂ ਦੌਰਾਨ ਤਿੰਨ ਰੈਡੀਕਲ ਸਿਸਟੈਕਟੋਮੀ ਸਰਜਰੀਆਂ ਕਰਨ ਦੀ ਅਜਿਹੀ ਮਿਸਾਲ ਵਿਸ਼ਵ ਪੱਧਰ ’ਤੇ ਵੀ ਸਾਹਮਣੇ ਨਹੀਂ ਆਈ। ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਸਮੇਤ ਉਪਲੱਬਧ ਜਾਣਕਾਰੀ ’ਚ ਵੀ ਅਜਿਹੀ ਮਿਸਾਲ ਨਹੀਂ ਮਿਲੀ। ਹਾਲਾਂਕਿ ਇਸ ਨੂੰ ਵਿਸ਼ਵ ਦੀ ਪਹਿਲੀ ਪ੍ਰਾਪਤੀ ਜਾਂ ਰਿਕਾਰਡ ਮੰਨਣ ਲਈ ਸੁਤੰਤਰ ਕੌਮਾਂਤਰੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਜਨਵਰੀ 2026 ’ਚ ਵੀ ਪ੍ਰੋ. ਸੰਤੋਸ਼ ਕੁਮਾਰ ਦੀ ਟੀਮ ਨੇ ਦਾ ਵਿੰਚੀ ਰੋਬੋਟਿਕ ਸਿਸਟਮ ਦੀ ਮਦਦ ਨਾਲ ਇਕੋ ਦਿਨ ਵਿਚ ਪ੍ਰੋਸਟੇਟ ਕੈਂਸਰ ਦੀਆਂ ਚਾਰ ਰੋਬੋਟਿਕ ਰੈਡੀਕਲ ਪ੍ਰੋਸਟੇਟੈਕਟੋਮੀ ਸਰਜਰੀਆਂ ਕੀਤੀਆਂ ਸਨ। ਇਸ ਪ੍ਰਾਪਤੀ ਨਾਲ ਵਿਭਾਗ ਦੀ ਗੁੰਝਲਦਾਰ ਸਰਜਰੀਆਂ ਕਰਨ ਦੀ ਸਮਰੱਥਾ ਵੀ ਉਜਾਗਰ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ
ਟੀਮ ਦੇ ਸਾਂਝੇ ਯਤਨਾਂ ਨਾਲ ਮਿਲੀ ਸਫ਼ਲਤਾ
ਪ੍ਰੋ. ਸੰਤੋਸ਼ ਕੁਮਾਰ ਨੇ ਇਸ ਪ੍ਰਾਪਤੀ ਦਾ ਸਿਹਰਾ ਪੂਰੀ ਟੀਮ ਨੂੰ ਦਿੰਦਿਆਂ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਪੰਕਜ ਰਾਏ, ਮੈਡੀਕਲ ਸੁਪਰਡੈਂਟ ਪ੍ਰੋ. ਅਸ਼ੋਕ ਕੁਮਾਰ, ਐਨੇਸਥੀਸੀਆ ਵਿਭਾਗ ਦੇ ਪ੍ਰੋ. ਡਾ. ਸ਼ਿਆਮ ਚਰਨ, ਰੈਜ਼ੀਡੈਂਟ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਆਪ੍ਰੇਸ਼ਨ ਥੀਏਟਰ ਦੀ ਸਮੁੱਚੀ ਟੀਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
