3 ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਕਿੱਥੇ ਗਈ? ਵਿਧਾਨ ਸਭਾ ’ਚ ਜਵਾਬ ਦੇਵੇ ਸਰਕਾਰ : ਚੁੱਘ
Sunday, Oct 25, 2026 - 09:07 AM (IST)
ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਦੇ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਅਤੇ ਰਾਜ ਮੈਂਬਰ ਤਰੁਣ ਚੁੱਘ ਨੇ ਪੰਜਾਬ ’ਚ ਨਸ਼ਿਆਂ ਨਾਲ ਜੁੜੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 3 ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੁਣ ਸਵਾਲਾਂ ਦੇ ਘੇਰੇ ’ਚ ਹੈ। ਕਪੂਰਥਲਾ ’ਚ 20 ਸਾਲਾ ਗੁਰਵਿੰਦਰ ਸਿੰਘ ਦੀ ਸ਼ੱਕੀ ਨਸ਼ੇ ਨਾਲ ਮੌਤ, 10 ਸਾਲਾ ਬੱਚੇ ਦੀ ਵੀਡੀਓ ਅਤੇ 2 ਨਾਬਾਲਗ ਭਰਾਵਾਂ ਨੂੰ ਬਚਾਉਣ ਦੀਆਂ ਘਟਨਾਵਾਂ ਪੰਜਾਬ ’ਚ ਨਸ਼ੇ ਦੇ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕਰਦੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਧਾਨ ਸਭਾ ’ਚ ਜਵਾਬ ਦੇਣ ਦੀ ਮੰਗ ਕਰਦਿਆਂ ਪੁੱਛਿਆ ਕਿ 3 ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦਾ ਕੀ ਹੋਇਆ? ਉਨ੍ਹਾਂ ਕਿਹਾ ਕਿ ਜਦੋਂ ਨਸ਼ੇ ਦਾ ਜਾਲ ਮਾਸੂਮ ਬੱਚਿਆਂ ਤੱਕ ਪਹੁੰਚ ਰਿਹਾ ਹੈ, ਤਾਂ ਸਰਕਾਰ ਨੂੰ ਆਪਣੀ ਨਸ਼ਾਮੁਕਤੀ ਮੁਹਿੰਮ ਦੇ ਨਤੀਜਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਵਿੰਦਰ ਦੇ ਪਰਿਵਾਰ ਨੇ ਇਲਾਕੇ ’ਚ ਨਸ਼ੇ ਦੀ ਸ਼ਰੇਆਮ ਵਿਕਰੀ ’ਤੇ ਚਿੰਤਾ ਪ੍ਰਗਟਾਈ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਅਤੇ ਬੱਚਿਆਂ ਤੇ ਨੌਜਵਾਨਾਂ ਦੇ ਇਲਾਜ ਅਤੇ ਮੁੜ-ਵਸੇਬੇ ਲਈ ਕੀ ਠੋਸ ਕਦਮ ਚੁੱਕੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ! ਮੁੰਡੇ ਦਾ ਹੱਥ ਵੱਢ ਕੇ ਗੁਆਂਢੀ ਨੂੰ ਫੜਾਇਆ ਤੇ ਫ਼ਿਰ...
ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੀ ਮੌਤ, ਮੋਹਨਜੀਤ ਸਿੰਘ ਦੀ ਕੁੱਟਮਾਰ ਅਤੇ ਗੁਲਜ਼ਾਰ ਸਿੰਘ ਤੇ ਬਿਕਰਮਜੀਤ ਸਿੰਘ ਦੀ ਮੌਤ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਘਟਨਾਵਾਂ ’ਚ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਚੁੱਘ ਨੇ ਦੋਸ਼ ਲਾਇਆ ਕਿ ਨਸ਼ੇ ਅਤੇ ਗੈਂਗਸਟਰਵਾਦ ਖ਼ਿਲਾਫ਼ ਕਾਰਵਾਈ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਕਾਨੂੰਨ-ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹਨ। ਉਨ੍ਹਾਂ ਨੇ ਜੇਲਾਂ ’ਚੋਂ ਗੈਂਗਸਟਰਾਂ ਦੇ ਇੰਟਰਵਿਊ ਅਤੇ ਉਨ੍ਹਾਂ ਦੇ ਕਥਿਤ ਗੱਠਜੋੜ ਨਾਲ ਜੁੜੇ ਦੋਸ਼ਾਂ ’ਤੇ ਵੀ ਸਰਕਾਰ ਤੋਂ ਜਵਾਬ ਮੰਗਿਆ। ਭਾਜਪਾ ਆਗੂ ਨੇ ਸੂਬੇ ਦੇ ਵਧ ਰਹੇ ਕਰਜ਼ੇ, ਗੈਰ-ਕਾਨੂੰਨੀ ਮਾਈਨਿੰਗ, ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ ਅਤੇ ਝੋਨੇ ਦੀ ਖ਼ਰੀਦ ’ਚ ਕਿਸਾਨਾਂ ਨੂੰ ਕਥਿਤ ਨੁਕਸਾਨ ਦੇ ਮੁੱਦੇ ਵੀ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਾਰੇ ਸਵਾਲਾਂ ’ਤੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
