ਭੈਣ ਨੂੰ ਲੈਣ ਜਾ ਰਹੇ ਪਲੰਬਰ ਦੀ ਸੜਕ ਹਾਦਸੇ ਦੌਰਾਨ ਮੌਤ

Thursday, Oct 22, 2026 - 02:50 PM (IST)

ਭੈਣ ਨੂੰ ਲੈਣ ਜਾ ਰਹੇ ਪਲੰਬਰ ਦੀ ਸੜਕ ਹਾਦਸੇ ਦੌਰਾਨ ਮੌਤ

ਖਰੜ (ਰਣਬੀਰ) : ਭੈਣ ਨੂੰ ਲੈਣ ਲਈ ਐਕਟਿਵਾ ’ਤੇ ਜਾ ਰਹੇ ਪਲੰਬਰ ਦੀ ਹਾਦਸੇ ’ਚ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਨੌਜਵਾਨ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਘੜੂੰਆਂ ਪੁਲਸ ਨੇ ਕਾਰ ਦੇ ਨੰਬਰ ਦੇ ਆਧਾਰ ’ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਬਿਆਨਾਂ ’ਚ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਜਸਵਿੰਦਰ ਸਿੰਘ ਪਲੰਬਰ ਦਾ ਕੰਮ ਕਰਦਾ ਸੀ। 19 ਅਕਤੂਬਰ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਿੱਜੀ ਕੰਮ ਲਈ ਪਿੰਡ ਰੋੜਾ ਤੋਂ ਬਜਹੇੜੀ ਵੱਲ ਪੈਦਲ ਜਾ ਰਹੀ ਸੀ। ਇਸੇ ਦੌਰਾਨ ਉਸ ਦਾ ਭਰਾ ਐਕਟਿਵਾ ’ਤੇ ਸਵਾਰ ਹੋ ਕੇ ਉਸ ਨੂੰ ਲੈਣ ਲਈ ਆ ਰਿਹਾ ਸੀ ਤੇ ਉਹ ਉਸ ਤੋਂ ਕਰੀਬ 100 ਕਦਮ ਪਿੱਛੇ ਸੀ। ਪਰਮਜੀਤ ਕੌਰ ਮੁਤਾਬਕ ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਇਕ ਕਾਰ ਨੇ ਬਿਨਾਂ ਹਾਰਨ ਜਾਂ ਡਿੱਪਰ ਦਿੱਤੇ ਉਸ ਦੇ ਭਰਾ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਜਸਵਿੰਦਰ ਸਿੰਘ ਐਕਟਿਵਾ ਸਮੇਤ ਸੜਕ ’ਤੇ ਡਿੱਗ ਪਿਆ। ਉਸ ਦੇ ਮੂੰਹ ’ਚੋਂ ਖ਼ੂਨ ਨਿਕਲ ਰਿਹਾ ਸੀ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ।
ਲੋਕਾਂ ਦੇ ਇਕੱਠੇ ਹੋਣ ’ਤੇ ਕਾਰ ਸਮੇਤ ਫ਼ਰਾਰ ਹੋਇਆ ਚਾਲਕ
ਸ਼ਿਕਾਇਤਕਰਤਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਕੁੱਝ ਦੂਰੀ ’ਤੇ ਜਾ ਕੇ ਗੱਡੀ ਰੋਕੀ ਪਰ ਜਦੋਂ ਮੌਕੇ ’ਤੇ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਕਾਰ ਸਮੇਤ ਫ਼ਰਾਰ ਹੋ ਗਿਆ। ਇਸ ਦੌਰਾਨ ਪਰਮਜੀਤ ਕੌਰ ਨੇ ਕਾਰ ਦਾ ਨੰਬਰ ਨੋਟ ਕਰ ਲਿਆ। ਬਾਅਦ ’ਚ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਜਸਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਭਰਾ ਦੀ ਮੌਤ ਕਾਰਨ ਸਦਮੇ ’ਚ ਹੋਣ ਕਰਕੇ ਪਰਮਜੀਤ ਕੌਰ ਤੁਰੰਤ ਬਿਆਨ ਦਰਜ ਨਹੀਂ ਕਰਵਾ ਸਕੀ। ਬਾਅਦ ’ਚ ਉਸ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ, ਜਿਸ ਤੋਂ ਬਾਅਦ ਥਾਣਾ ਘੜੂੰਆਂ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।


author

Babita

Content Editor

Related News